ਚੰਡੀਗੜ੍ਹ, 15 ਮਈ (ਪੀ.ਟੀ.)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ.ਕੇ. ਸਿੰਘ ਵਲੋਂ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਵੇਲੇ ਕੱਲ੍ਹ 16 ਮਈ ਨੂੰ ਗਿਣਤੀ ਕੇਂਦਰਾਂ ਦੁਆਲੇ ਸਖਤ ਅਨੁਸ਼ਾਸ਼ਨ ਤੇ ਸ਼ਾਂਤੀ ਯਕੀਨੀ ਬਣਾਈ ਜਾਵੇ। ਸੂਬੇ ਵਿਚ ਵੋਟਾਂ ਦੀ ਗਿਣਤੀ ਕੱਲ ਸਵੇਰੇ 8 ਵਜੇ ਤੋਂ 30 ਥਾਵਾਂ ’ਤੇ ਬਣੇ ਗਿਣਤੀ ਕੇਂਦਰਾਂ ’ਤੇ ਸ਼ੁਰੂ ਹੋਵੇਗੀ। ਅੱਜ ਇੱਥੇ ਵੀਡੀਓ ਕਾਨਫਰੰਸ ਰਾਹੀਂ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਗਿਣਤੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਅੰਦਰ ਸ਼ਾਂਤਮਈ ਚੋਣਾਂ ਲਈ ਸਰਾਹਨਾ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਵੋਟਾਂ ਦੀ ਗਿਣਤੀ ਵੀ ਨਿਰਵਿਘਨ ਤਰੀਕੇ ਨਾਲ ਹੋਣ ਪਿੱਛੋਂ ਨਤੀਜੇ ਤੁਰੰਤ ਐਲਾਨ ਕਰ ਦਿੱਤੇ ਜਾਣਗੇ। ਉਨਾਂ ਕਿਹਾ ਕਿ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਗਿਣਤੀ ਕੇਂਦਰ ਦੇ
ਨੇੜੇ ਨਾ ਆਉਣ ਦਿੱਤਾ ਜਾਵੇ ਅਤੇ ਕਾਊਂਟਿੰਗ ਏਜੰਟਾਂ ਨੂੰ ਜੋ ਸ਼ਨਾਖਤੀ ਪੱਤਰ ਜਾਰੀ ਕੀਤੇ ਗਏ ਹਨ ਉਹ ਉਨ੍ਹਾਂ ਨੂੰ ਦਿਖਾਉਣ।ਇਸ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਲੋੜੀਂਦੇ ਫਾਰਮ ਭਰਕੇ ਕਾਗਜ਼ੀ ਕਾਰਵਾਈ ਪੂਰੀ ਤਰ੍ਹਾਂ ਮੁਕੰਮਲ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਾਰੀ ਗਿਣਤੀ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਅਤੇ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਮੰਗਣ ’ਤੇ ਇਸਨੂੰ ਪੇਮੈਂਟ ਲੈ ਕੇ ਮੁਹੱਈਆ ਕਰਵਾਈ ਜਾਵੇ। ਇਸ ਤੋਂ ਇਲਾਵਾ ਹਰ ਦੌਰ ਦੀ ਗਿਣਤੀ ਪਿੱਛੋਂ ਗਿਣਤੀ ਏਜੰਟਾਂ ਨੂੰ ਨਤੀਜਾ ਦਿੱਤਾ ਜਾਵੇ। ਉਨ੍ਹਾਂ ਫੀਲਡ ਵਿਚਲੇ ਪੁਲਿਸ ਅਧਿਕਾਰੀਆਂ ਤੇ ਵਿਸ਼ੇਸ਼ ਕਰਕੇ ਐਸ.ਐਸ.ਪੀਜ਼ ਨੂੰ ਕਿਹਾ ਕਿ ਉਹ ਵੋਟਾਂ ਦੀ ਗਿਣਤੀ ਪਿੱਛੋਂ ਸਿਆਸੀ ਗਰੁੱਪਾਂ ਵਿਚ ਕਿਸੇ ਵੀ ਟਕਰਾਅ ਨੂੰ ਰੋਕਣ ਲਈ ਵਿਸ਼ੇਸ਼ ਚੌਕਸੀ ਵਰਤਣ। ਆਈ.ਜੀ.ਪੀ. ਹੈਡਕੁਆਟਰ ਸ੍ਰੀ ਅਰਪਿਤ ਸ਼ੁਕਲਾ ਨੇ ਫੀਲਡ ਵਾਲੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਗਿਣਤੀ ਦੌਰਾਨ ਜਿੱਥੇ ਨਾਕੇ ਲਾ ਕੇ ਵਿਸ਼ੇਸ਼ ਜਾਂਚ ਕਰਨ ਉੰਥੇ ਸ਼ਹਿਰੀ ਖੇਤਰਾਂ ਵਿਚ ਲਗਾਤਾਰ ਗਸ਼ਤ ਕੀਤੀ ਜਾਵੇ। ਇਸ ਤੋਂ ਇਲਾਵਾ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਗਿਣਤੀ ਦੌਰਾਨ ਫੀਲਡ ਵਿਚ ਵਿਚਰਨ ਤੇ ਕਾਨੂੰਨ ਵਿਵਸਥਾ ’ਤੇ ਕਰੜੀ ਨਿਗ੍ਹਾ ਰੱਖਣ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿਚ 30 ਥਾਵਾਂ ’ਤੇ ਗਿਣਤੀ ਸਵੇਰ 8 ਵਜੇ ਸ਼ੁਰੂ ਹੋਵੇਗੀ ਅਤੇ ਇਸ ਲਈ ਕੁੱਲ 43 ਕੇਂਦਰੀ ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ। ਮੁੱਖ ਚੋਣ ਅਧਿਕਾਰੀ ਦੀ ਵੈਬਸਾਇਟ ’ਤੇ ਗਿਣਤੀ ਦੀ ਨਾਲੋ-ਨਾਲ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਅੱਜ ਅੱਧੀ ਰਾਤ ਤੋਂ ਸੂਬੇ ਵਿਚ 24 ਘੰਟੇ ਲਈ ਸ਼ਰਾਬਬੰਦੀ ਲਾਗੂ ਹੋ ਜਾਵੇਗੀ।
ਇਸ ਮੌਕੇ ਵਧੀਕ ਮੁੱਖ ਚੋਣ ਅਧਿਕਾਰੀ ਸ. ਰਮਿੰਦਰ ਸਿੰਘ ਤੇ ਸੁਪ੍ਰੀਤ ਸਿੰਘ ਗੁਲਾਟੀ ਤੇ ਸੰਯੁਕਤ ਮੁੱਖ ਚੋਣ ਅਧਿਕਾਰੀ ਅਮਿਤ ਤਲਵਾਰ ਵੀ ਹਾਜ਼ਰ ਸਨ।