ਹੈਦਰਾਬਾਦ, 15 ਮਈ (ਪੀ.ਟੀ.)-ਪੁਰਾਣੇ ਸ਼ਹਿਰ ਦੇ ਕਿਸ਼ਨਬਾਗ ਇਲਾਕੇ ’ਚ ਹੋਏ ਸੰਪ੍ਰਦਾਇਕ ਸੰਘਸ਼ਰ ਤੇ ਪੁਲਿਸ ਦੀ ਗੋਲੀਬਾਰੀ ’ਚ ਤਿੰਨ ਲੋਕਾਂ ਦੀ ਮੌਤ ਤੋਂ ਬਾਅਦ ਸਾਇਬਰਾਬਾਦ ਪੁਲਿਸ ਕਮਿਸ਼ਨਰੇਟ ’ਚ ਆਉਣ ਵਾਲੀ ਰਾਜਿੰਦਰ ਨਗਰ ਪੁਲਿਸ ਚੌਕੀ ਦੇ ਇਲਾਕੇ ’ਚ ਦੂਜੇ ਦਿਨ ਵੀ ਅਨਿਸ਼ਚਿਤ ਕਾਲ ਲਈ ਕਰਫਿਊ ਲੱਗਾ ਰਿਹਾ। ਸਾਇਬਰਾਬਾਦ ਦੇ ਜਾਇੰਟ ਕਮਿਸ਼ਨਰ ਗੰਗਾਧਰ ਨੇ ਕਿਹਾ ਕਿ ਕਰਫਿਊ ਜਾਰੀ ਹੈ। ਹਾਲਤ ਸ਼ਾਂਤੀਪੂਰਨ ਤੇ ਕਾਬੂ ’ਚ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ। ਸੰਪ੍ਰਦਾਇਕ ਸੰਘਰਸ਼ ਤੋਂ ਬਾਅਦ ਪੁਲਿਸ ਦੀ ਗੋਲੀ ਨਾਲ ਤਿੰਨ ਲੋਕਾਂ ਦੀ ਕੱਲ੍ਹ ਮੌਤ ਹੋ ਗਈ ਸੀ। ਪੁਰਾਣੇ ਸ਼ਹਿਰ ਦੇ ਕਿਸ਼ਨਬਾਗ ਇਲਾਕੇ ’ਚ ਕੁੱਝ ਲੋਕਾਂ ਦੁਆਰਾ ਕਥਿਤ ਤੌਰ ’ਤੇ ਇੱਕ ਨਿਸ਼ਾਨ ਸਾਹਿਬ ਸਾੜੇ ਜਾਣ ਤੋਂ ਬਾਅਦ ਸੰਪ੍ਰਦਾਇਕ ਸੰਘਰਸ਼ ਸ਼ੁਰੂ ਹੋ ਗਿਆ ਸੀ। ਖੇਤਰ ’ਚ ਕਾਨੂੰਨ – ਵਿਵਸਥਾ ਬਣਾਈ
ਰੱਖਣ ਲਈ ਰੈਪਿਡ ਐਕਸ਼ਨ ਫੋਰਸ ਤੇ ਕੇਂਦਰੀ ਅਰਧ ਸੈਨਿਕ ਬਲਾਂ ਸਮੇਤ ਵੱਡੀ ਗਿਣਤੀ ’ਚ ਪੁਲਸਕਰਮੀ ਵੀ ਤੈਨਾਤ ਕੀਤੇ ਗਏ ਹਨ। ਅਜੋਕੇ ਹਾਲਾਤ ਨੂੰ ਵੇਖਦੇ ਹੋਏ ਪੁਲਿਸ ਕਰਫਿਊ ’ਚ ਰਾਹਤ ਦੀ ਮਿਆਦ ’ਤੇ ਵਿਚਾਰ ਕਰ ਸਕਦੀ ਹੈ। ਅਸ਼ਾਂਤੀ ਪੈਦਾ ਕਰਨ ਵਾਲੇ ਕੁੱਝ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਇਸ ਪੂਰੇ ਘਟਨਾਕ੍ਰਮ ’ਚ ਉਨ੍ਹਾਂ ਦੀ ਕਥਿਤ ਭੂਮਿਕਾ ਦੇ ਬਾਰੇ ’ਚ ਪੁੱਛਗਿਛ ਕੀਤੀ ਜਾ ਰਹੀ ਹੈ।