ਰਾਮਪੁਰਾ ਫੂਲ, 5 ਸਤੰਬਰ (ਕੁਲਜੀਤ ਸਿੰਘ ਢੀਂਗਰਾ)- ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਕਹਾਵਤ ਇਕ ਘਿਉ ਖਪਤਕਾਰ ਅੋਰਤ ਨਾਲ ਹੋ ਰਹੀ ਹੈ ਕਿਉਕਿ ਅਤਿ ਘਟੀਆ ਦਰਜੇ ਦਾ ਘਿਉ ਦੁਕਾਨ ਤੋ ਮਿਲਣ ਦੇ ਬਾਅਦ ਜਦ ਅੋਰਤ ਨੇ ਕੰਪਨੀ ਨਾਲ ਗੱਲ ਕਰਨੀ ਚਾਹੀ ਤਦ ਕੰਪਨੀ ਮੁਲਾਜਮ ਅੱਗਿਓ ਅੋਰਤ ਨਾਲ ਭੱਦੀ ਸ਼ਬਦਾਵਲੀ ਵਿਚ ਗੱਲ ਕਰਨ ਲੱਗੇ ਜਦਕਿ ਪੀੜਿਤ ਪਰਿਵਾਰ ਇਸ ਮਾਮਲੇ ਨੂੰ ਥਾਣਾ ਸਿਟੀ ਰਾਮਪੁਰਾ ਵਿਖੇ ਲੈ ਗਿਆ ਹੈ। ਜਿਸ ਤੋ ਬਾਅਦ ਹੀ ਮਾਮਲਾ ਹਰੇਕ ਦੀ ਜੁਬਾਨ ਉਪਰ ਚੜਿਆ ਹੋਇਆ ਹੈ ਜਦਕਿ ਰਾਜੀਨਾਮਾ ਕਰਨ ਆਏ ਕੰਪਨੀ ਮੁਲਾਜਮਾਂ ਨੇ ਥਾਣੇ ਅੰਦਰਲੀ ਹੀ ਗੱਲਬਾਤ ਦੀ
ਵੀਡੀਓ ਬਣਾ ਕੇ ਮਾਮਲੇ ਨੂੰ ਨਵੀ ਰੰਗਤ ਦੇ ਦਿੱਤੀ ਹੈ। ਜਿਸ ਤੋ ਬਾਅਦ ਮਾਮਲਾ ਨਿੱਤ ਦਿਨ ਨਵੇਂ ਮੋੜ ਲੈ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿਚਲੀ ਇਕ ਗ੍ਰਹਿਣੀ ਨੇ ਇਕ ਕਰਿਆਣੇ ਦੀ ਦੁਕਾਨ ਤੋਂ ਜੈਮਿਨੀ ਰਿਫਾਇਡ ਦਾ ਲੀਟਰ ਵਾਲਾ ਪੈਕਟ ਖਰੀਦਿਆਂ ਪਰ ਜਦ ਉਸਨੇ ਪੈਕਟ ਨੂੰ ਖੋਲਿਆ ਤਦ ਪੈਕਟ ਵਿਚੋ ਭੈੜੀ ਬਦਬੂ ਮਾਰ ਰਹੀ ਸੀ ਅਤੇ ਪੈਕਟ ਵਿਚ ਕਿਸੇ ਮਰੇ ਹੋਏ ਚੂਹੇ ਵਰਗੇ ਜਾਨਵਰ ਦੇ ਸ਼ਰੀਰ ਦਾ ਕੁਝ ਹਿੱਸਾ ਨਿਕਲਿਆ। ਅੋਰਤ ਨੇ ਮੀਡੀਆ ਨੂੰ ਦੱਸਿਆਂ ਕਿ ਰਿਫਾਇਡ ਸਬੰਧੀ ਉਸ ਨੇ ਦੁਕਾਨਦਾਰ ਕੋਲ ਇਸ ਸਬੰਧੀ ਉਲਾਭੇ ਦੇਣ ਦੇ ਨਾਲ ਕੰਪਨੀ ਅਧਿਕਾਰੀਆਂ, ਸਿਹਤ ਵਿਭਾਗ ਅਤੇ ਥਾਣਾ ਸਿਟੀ ਵਿਖੇ ਇਤਲਾਹ ਦਿੱਤੀ ਗਈ ਜਦਕਿ ਸ਼ਿਕਾਇਤ ਤੇ ਕੰਪਨੀ ਦੇ ਅਧਿਕਾਰੀ ਉੱਕਤ ਰਿਫਾਇੰਡ ਦਾ ਪੈਕਟ ਚੈਕ ਵੀ ਕਰਕੇ ਗਏ ਹਨ ਪਰ ਅਧਿਕਾਰੀ ਇਹ ਕਹਿ ਕੇ ਪੱਲਾ ਝਾਂੜ ਗਏ ਕਿ ਕੰਪਨੀ ਵੱਲੋਂ ਕੁਆਲਿਟੀ ਚੈਕ ਕਰਨ ਵਾਲਾ ਅਧਿਕਾਰੀ ਆਵੇਗਾ। ਉਧਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਉਕਤ ਘਿਉ ਨਾਲ ਬਣਿਆ ਖਾਣਾ ਖਾਧਾ ਜਾਂਦਾ ਤਦ ਉਨ੍ਹਾਂ ਦਾ ਰੱਬ ਹੀ ਰਾਖਾ ਸੀ। ਉਨਾਂ ਪ੍ਰਸਾਸਨ ਰਾਹੀ ਮੰਗ ਕੀਤੀ ਹੈ ਕਿ ਉੱਕਤ ਰਿਫਾਇਡ ਦਾ ਲੈਬਾਰੋਟਰੀ ਤੋਂ ਟੈਸਟ ਜਿਲਾ ਪ੍ਰਸਾਸਨ ਅਤੇ ਸਿਹਤ ਵਿਭਾਗ ਕਰਵਾਕੇ ਕੰਪਨੀ ਖਿਲਾਫ ਸਖਤ ਤੋ ਸਖਤ ਕਾਰਵਾਈ ਕਰੇ ਤਾਂ ਜੋ ਅੱਗੇ ਤੋ ਹੋਰਨਾਂ ਖਾਣ ਪੀਣ ਦਾ ਸਮਾਨ ਵੇਚਣ ਵਾਲਿਆਂ ਨੂੰ ਕੁਝ ਸਬਕ ਮਿਲ ਸਕੇ। ਕੰਪਨੀ ਦੇ ਅਧਿਕਾਰੀ ਅਨੁਜ ਜੈਨ ਦਾ ਉੱਕਤ ਮਾਮਲੇ ਵਿਚ ਪੱਖ ਜਾਨਣਾ ਚਾਹਿਆ ਤਾਂ ਉਨਾਂ ਫੋਨ ਚੱਕਣਾ ਮੁਨਾਸਿਬ ਨਹੀ ਸਮਝਿਆ। ਇਸ ਮਾਮਲੇ ਸੰਬੰਧੀ ਥਾਣਾ ਸਿਟੀ ਦੇ ਇੰਚਾਰਜ ਹਰਬੰਸ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਕੇ ਰਿਫਾਇਡ ਦੀ ਚੈਕਿੰਗ ਕਰਵਾਈ ਜਾਵੇਗੀ ਅਤੇ ਰਿਪੋਰਟ ਆਉਣ ਤੇ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ। ਉੱਕਤ ਮਾਮਲੇ ਸੰਬੰਧੀ ਜਦ ਸਿਹਤ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਖੁੱਲੇ ਪੈਕਟ ਚੋ ਅਸੀਂ ਸੈਂਪਲ ਨਹੀ ਲੈ ਸਕਦੇ। ਜਿਸ ਤੋ ਲੱਗ ਰਿਹਾ ਹੈ ਕਿ ਅਧਿਕਾਰੀਆ ਦੀ ਮਿਲੀਭੁਗਤ ਕਾਰਨ ਇਹ ਕਾਰੋਬਾਰ ਵਧ ਫੁਲ ਰਿਹਾ ਹੈ।