ਅਹਿਮਦਾਬਾਦ, 13 ਮਈ (ਪੀ.ਟੀ.)-ਚੋਣ ਸਰਵੇਖਣ ’ਚ ਜਿੱਤ ਦੀ ਭਵਿੱਖਬਾਣੀ ਕੀਤੇ ਜਾਣ ਤੋਂ ਬਾਅਦ ਗੁਜਰਾਤ ਭਾਜਪਾ ਦੇ ਆਗੂਆਂ ਦੀ ਮੰਗਲਵਾਰ ਇਕ ਬੈਠਕ ਹੋਈ ਜਿਸ ਤੋਂ ਬਾਅਦ ਮੋਦੀ ਦੇ ਵਾਰਸ ਦੀ ਭਾਲ ਦੇ ਬਾਰੇ ਅਟਕਲਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਪਾਰਟੀ ਨੇ ਇਨ੍ਹਾਂ ਗੱਲਾਂ ਨੂੰ ਖਾਰਜ ਕਰਦੇ ਹੋਏ ਇਸ ਨੂੰ ਨਿਯਮਤ ਚਰਚਾ ਦੱਸਿਆ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਗੁਜਰਾਤ ਭਾਜਪਾ ਦੇ ਕੋਰ ਗਰੁੱਪ ਦੀ ਮੰਗਲਵਾਰ ਬੈਠਕ ਹੋਈ ਜਿਹੜੀ ਸੋਮਵਾਰ ਨੂੰ ਖਤਮ ਹੋਈਆਂ ਨੌ ਪੜਾਵਾਂ ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹਾਲਾਤ ਦੀ ਸਮੀਖਿਆ ਦਾ ਹਿੱਸਾ ਸੀ। ਬੈਠਕ ਦੀ ਪ੍ਰਧਾਨਗੀ ਸੂਬਾ ਭਾਜਪਾ ਮੁਖੀ ਆਰ.ਸੀ. ਫਾਲਦੂ ਨੇ ਕੀਤੀ ਜਿਸ ਤੋਂ ਬਾਅਦ ਇਹ ਅਟਕਲਾਂ ਲੱਗਣ ਲੱਗੀਆਂ ਅਤੇ ਮੋਦੀ ਦੀ ਗੱਦੀ ਦੇ ਵਾਰਸ ਦੀ ਚਰਚਾ ਕੀਤੀ ਗਈ। ਇਸ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋ ਗਏ।
ਭਾਜਪਾ ਦੀ ਸੂਬਾ ਇਕਾਈ ਦੇ ਜਨਰਲ ਸਕੱਤਰ ਵਿਜੇ ਰੂਪਾਨੀ ਨੇ ਇਨ੍ਹਾਂ ਬੈਠਕਾਂ ਨੂੰ ਨਿਯਮਿਤ ਦੱਸਿਆ ਅਤੇ ਕਿਹਾ ਕਿ ਅਗਲੇ ਮੁੱਖ ਮੰਤਰੀ ਦੇ ਬਾਰੇ ’ਚ ਕੋਈ ਵੀ ਫੈਸਲਾ 16 ਮਈ ਤੋਂ ਬਾਅਦ ਲਿਆ ਜਾਵੇਗਾ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਜਾਣਗੇ। ਰੂਪਾਨੀ ਨੇ ਕਿਹਾ ਕਿ ਅਗਲੇ ਮੁੱਖ ਮੰਤਰੀ ਦੇ ਬਾਰੇ ਚਰਚਾ 16 ਮਈ ਤੋਂ ਬਾਅਦ ਹੀ ਹੋਵੇਗੀ। ਉਹ ਵੀ ਸਾਡੇ ਕੇਂਦਰੀ ਸੰਸਦੀ ਬੋਰਡ ਦੇ ਫੈਸਲੇ ਦੇ ਅਨੁਰੂਪ ਹੋਵੇਗੀ।