April 28, 2026 2:08 pm

ਖਲੀਫਾ ਹਜ਼ਰਤ ਮਿਰਜ਼ਾ ਵੱਲੋਂ ਵਿਸ਼ਵ ਸ਼ਾਂਤੀ ਸਥਾਪਤ ਕਰਨ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ

ਕਾਦੀਆਂ, 25 ਅਗਸਤ (ਤਾਰੀ)- ਜਮਾਤ ਅਹਿਮਦੀਆ ਇੰਡੀਆ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਦੇ ਅਧਿਆਤਮਕ ਖਲੀਫਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ੫੩ਵੇਂ ਜਲਸਾ ਸਾਲਾਨਾ ਯੂਕੇ ਦੇ ਮੌਕੇ ਤੇ ਵਿਸ਼ਵ ਭਰ ਵਿੱਚ ਅਹਿਮਦੀਆ ਜਮਾਤ ਵੱਲੋਂ ਕੀਤੇ ਗਏ ਮਨੁੱਖੀ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਜਿਸ ਵਿੱਚ ਚਾਲੀ ਹਜ਼ਾਰ ਲੋਕ ਦੇਸ਼ ਵਿਦੇਸ਼ਾਂ ਤੋਂ ਹਿੱਸਾ ਲੈਣ ਲੰਡਨ ਪਹੁੰਚੇ ਸੀ।ਇਸ ਮੌਕੇ ਬੈਅਤ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਉਨ੍ਹਾਂ ਜਮਾਤ ਵੱਲੋਂ ਵਿਸ਼ਵ ਸ਼ਾਂਤੀ ਸਥਾਪਤ ਕਰਨ ਲਈ ਕੀਤੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਜਮਾਤ ਅਹਿਮਦੀਆ ਹੁਣ ੨੧੩ ਦੇਸ਼ਾਂ ਵਿਚ ਇੰਸਾਨੀਅਤ ਦੀ ਸੇਵਾ ਵਿਚ ਲਗੀ ਹੋਈ ਹੈ ਅਤੇ ਹਮੇਸ਼ਾਂ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਹੈ। ਹਜ਼ਰਤ ਮਿਰਜ਼ਾ ਸਾਹਿਬ ਨੇ ਕਿਹਾ ਕਿ ਬਹੁਤ ਸਾਰੇ ਧਾਰਮਿਕ ਲੋਕ ਮੰਨਦੇ ਹਨ ਕਿ ਅਜੋਕੇ ਯੁੱਗ ਅਨੁਸਾਰ ਧਾਰਮਿਕ ਸਿੱਖਿਆਵਾਂ ਨੂੰ ਵੀ ਬਦਲਿਆ ਜਾਣਾ ਚਾਹੀਦਾ ਹੈ। ਸਾਡਾ ਵਿਸ਼ਵਾਸ ਹੈ ਕਿ ਕੁਰਆਨ ਮਜੀਦ ਅੱਲਾਹ ਦਾ ਕਲਾਮ ਹੈ, ਜਿਸਦੀ ਸੁਰੱਖਿਆ ਦੀ ਖ਼ੁਦ ਅੱਲ੍ਹਾਹ ਦੁਆਰਾ ਖੁਦ ਗਰੰਟੀ ਦਿੱਤੀ ਗਈ ਹੈ, ਪਵਿੱਤਰ ਕੁਰਾਨ ੧੪੦੦ ਸਾਲਾਂ ਤੋਂ ਇਸ ਦੀ ਅਸਲ ਸਥਿਤੀ ਵਿਚ ਮੌਜੂਦ ਹੈ ਅਤੇ ਇਹ ਹਮੇਸ਼ਾ ਹੀ ਇਸੇ ਤਰਾਂ ਰਹੇਗਾ ਇਸ ਦੀਆਂ ਸਿਖਿਆਵਾਂ ਹਰ ਸਮੇਂ ਦੇ ਲੋਕਾਂ ਲਈ ਮਾਰਗ ਦਰਸ਼ਨ ਹਨ। ਹਰ ਛੋਟੇ ਮਸਲੇ ਦਾ ਹੱਲ ਕੁਰਆਨ ਮਜੀਦ ਵਿਚ ਮੋਜੂਦ ਹੈ। ਸਾਨੂੰ ਇਸ ਵਿਚ ਮਨੁੱਖ ਦੇ ਅਧਿਕਾਰ ਅਤੇ ਸ਼ਾਂਤੀ ਦੀ ਜ਼ਮਾਨਤ ਦੱਸੀ ਹੈ। ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਕਿਹਾ ਕਿ ਜਿਹੜਾ ਵਿਅਕਤੀ ਅੱਲ੍ਹਾ ਦੀ ਰਜ਼ਾ ਲਈ ਕੰਮ ਕਰਦਾ ਹੈ ਅਤੇ ਕਮਜ਼ੋਰ ਭਰਾਵਾਂ ਨਾਲ ਹਮਦਰਦੀ ਕਰਦਾ ਹੈ, ਤਾਂ ਉਸਦਾ ਈਮਾਨ ਹੋਰ ਮਜ਼ਬੂਤ ਹੁੰਦਾ ਹੈ।ਬਾਨੀ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਤਾਕੀਦ ਕਰਦੇ ਹਨ ਕਿ ਤੁਸੀਂ ਆਪਣੀ ਹਮਦਰਦੀ ਦਾ ਦਾਇਰਾ ਘੱਟ ਨਾ ਹੋਣ ਦਿਓ। ਜੋ ਮਨੁੱਖ ਇਸ ਉਦੇਸ਼ ਨੂੰ ਤਿਆਗ ਦਿੰਦਾ ਹੈ, ਤਾਂ ਉਹ ਜੀਉਂਦਾ ਨਹੀਂ ਹੁੰਦਾ।

Send this to a friend