April 28, 2026 8:53 pm

ਟੇਂਡੀਵਾਲਾ ਬੰਨ੍ਹ ਦੀ ਮਜ਼ਬੂਤੀ ਲਈ ਫ਼ੌਜ ਨਾਲ ਸਾਂਝੀ ਕਾਰਜ ਯੋਜਨਾ ਉਲੀਕੀ ਜਾਵੇ : ਕੈਪਟਨ ਅਮਰਿੰਦਰ ਸਿੰਘ

ਡਿਪਟੀ ਕਮਿਸ਼ਨਰਾਂ ਨੂੰ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰਨ ਲਈ ਆਖਿਆ

ਚੰਡੀਗੜ੍ਹ, 25 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿ ਸਰਹੱਦ ‘ਤੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਪਿੰਡ ਟੇਂਡੀਵਾਲ ਵਿਖੇ ਬੰਨ੍ਹ ਮਜ਼ਬੂਤ ਕਰਨ ਲਈ ਜਲ ਸਰੋਤ ਵਿਭਾਗ ਨੂੰ ਫੌਜ ਦੇ ਅਧਿਕਾਰੀਆਂ ਨਾਲ ਮਿਲ ਕੇ ਸਾਂਝੀ ਕਾਰਜ ਯੋਜਨਾ ਉਲੀਕਣ ਲਈ ਆਖਿਆ ਹੈ। ਇਹ ਹਦਾਇਤਾਂ ਮੁੱਖ ਮੰਤਰੀ ਨੇ ਜਾਰੀ ਕੀਤੀਆਂ ਭਾਵੇਂ ਕਿ ਉਨ੍ਹਾਂ ਵੱਲੋਂ ਬੀਤੇ ਦਿਨ ਕੇਂਦਰ ਸਰਕਾਰ ਨੂੰ ਕੀਤੀ ਅਪੀਲ ‘ਤੇ ਹੁੰਗਾਰਾ ਭਰਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਾਲੀ ਕੇਂਦਰੀ ਟੀਮ ਨੂੰ ਪੰਜਾਬ ਵਿੱਚ ਵੀ ਭੇਜਣ ਦਾ ਫੈਸਲਾ ਕੀਤਾ। ਕੇਂਦਰੀ ਗ੍ਰਹਿ ਸਕੱਤਰ ਸ੍ਰੀ ਅਜੇ ਭੱਲਾ ਨੇ ਸੂਬਾ ਸਰਕਾਰ ਨੂੰ ਜਾਣਕਾਰੀ ਦਿੱਤੀ ਕਿ ਹੜ੍ਹਗ੍ਰਸਤ 11 ਸੂਬਿਆਂ ਤੋਂ ਇਲਾਵਾ ਕੇਂਦਰੀ ਟੀਮ ਪੰਜਾਬ ਆ ਕੇ ਵੀ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕਰੇਗੀ। ਫ਼ਿਰੋਜ਼ਪੁਰ, ਜਲੰਧਰ, ਕਪੂਰਥਲਾ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਟੇਂਡੀਵਾਲ ਦੇ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਜੰਗੀ ਪੱਧਰ ‘ਤੇ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਆਖਿਆ ਤਾਂ ਕਿ ਨੇੜਲੇ ਪਿੰਡਾਂ ਵਿੱਚ ਹੜ੍ਹਾਂ ਨੂੰ ਟਾਲਿਆ ਜਾ ਸਕੇ। ਮੁੱਖ ਮੰਤਰੀ ਨੇ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਹੜ੍ਹਾਂ ਨਾਲ ਪੈਦਾ ਹੋਣ ਵਾਲੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਵਾਸਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੂੰ ਵੀ ਤਿਆਰ ਰੱਖਣ ਦੇ ਹੁਕਮ ਦਿੱਤੇ।ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਉਨ੍ਹਾਂ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਸ਼ਾਮਲ ਹੋਏ। ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਮੁਤਾਬਕ ਮਖੂ ਤੇ ਹੁਸੈਨੀਵਾਲਾ ਇਲਾਕੇ ਦੇ ਹੜ੍ਹ ਪ੍ਰਭਾਵਿਤ 15 ਪਿੰਡਾਂ ਵਿੱਚੋਂ ਲਗਭਗ 500 ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਜਦਕਿ 630 ਵਿਅਕਤੀਆਂ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ। ਇਸ ਤੋਂ ਇਲਾਵਾ ਲੋਕਾਂ ਨੂੰ ਭੋਜਨ ਦੇ 950 ਪੈਕੇਟ ਮੁਹੱਈਆ ਕਰਵਾਉਣ ਤੋਂ ਇਲਾਵਾ ਪਸ਼ੂਆਂ ਲਈ ਫੀਡ ਅਤੇ ਚਾਰੇ ਦੀ ਸਪਲਾਈ ਲਈ ਵੀ ਢੁਕਵੇਂ ਬੰਦੋਬਸਤ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਪਿੰਡ ਟੇਂਡੀਵਾਲਾ ਵਿਖੇ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਪਾੜ ਨੂੰ ਪੂਰਨ ਲਈ ਫੌਜ ਵੀ ਸਹਾਇਤਾ ਕਰ ਰਹੀ ਹੈ।

Send this to a friend