June 1, 2026 7:39 am

ਕੇਂਦਰ ’ਚ ਨਵੀਂ ਸਰਕਾਰ ਦੇ ਗਠਨ ਲਈ ਸਰਗਰਮੀ ਸ਼ੁਰੂ

ਮਿਲੀਜੁਲੀ ਸਰਕਾਰ ਬਣਨ ਦੀ ਵਧੇਰੇ ਸੰਭਾਵਨਾ

index ਨਵੀਂ ਦਿੱਲੀ, 13 ਮਈ (ਪੀ.ਟੀ.ਲਾਇਵ)-ਲੋਕ ਸਭਾ ਚੋਣਾਂ ਦੇ ਨਤੀਜੇ ਭਾਵੇਂ 16 ਮਈ ਨੂੰ ਆ ਰਹੇ ਹਨ ਪ੍ਰੰਤੂ ਕੇਂਦਰ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਸਰਗਰਮੀ ਪੂਰੇ ਜ਼ੋਰਾ ਉੱਪਰ ਸ਼ੁਰੂ ਹੋ ਚੁੱਕੀ ਹੈ। ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ ਕੀਤੀਆਂ ਜਾ ਰਹਿਆਂ ਹਨ। ਪ੍ਰਮੁੱਖ ਸਿਆਸੀ ਨੇਤਾਵਾਂ ਦੌਰਾਨ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕੇਂਦਰ ਵਿੱਚ ਕਿਸੇ ਵੀ ਇੱਕ ਪਾਰਟੀ ਨੂੰ ਬਹੁਮੱਤ ਨਹੀਂ ਮਿਲੇਗਾ। ਇਸ ਲਈ ਕੇਂਦਰ ’ਚ ਮਿਲੀਜੁਲੀ ਸਰਕਾਰ ਬਣਨ ਦੀ ਸੰਭਾਵਨਾ ਹੈ।  ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਕੇਂਦਰ ਵਿੱਚ ਕੁਰਸੀ ਦੀਆਂ ਪ੍ਰਮੁੱਖ ਦਾਅਵੇਦਾਰ ਹਨ। ਬੇਸ਼ਕ ਪ੍ਰਮੁੱਖ ਟੀ.ਵੀ. ਚੈਨਲਾਂ ਨੇ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ

ਵੱਡੀ ਜਿੱਤ ਦੇ ਅਨੁਮਾਨ ਲਗਾਏ ਹਨ ਪ੍ਰੰਤੂ ਕਾਂਗਰਸ ਨੇ ਇਸ ਨੂੰ ਖਾਰਿਜ਼ ਕਰ ਦਿੱਤਾ ਹੈ।
ਦੂਜੇ ਪਾਸੇ ਭਾਜਪਾ ਕੇਂਦਰ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।  ਪਾਰਟੀ ਦੇ ਹੱਕ ਵਿਚ ਆਉਣ ਦੇ ਅੰਦਾਜ਼ਿਆਂ ਤੋਂ ਪ੍ਰਭਾਵਤ ਭਾਜਪਾ ਦੇ ਸੀਨੀਅਰ ਨੇਤਾ ਇਨ੍ਹੀਂ ਦਿਨੀਂ ਆਪਸੀ ਮਿਲਣੀਆਂ ਅਤੇ ਵਿਚਾਰ ਵਟਾਂਦਰਿਆਂ ’ਚ ਰੁੱਝੇ ਹੋਏ ਹਨ। ਪਾਰਟੀ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਲਾਲ ਕ੍ਰਿਸ਼ਨ ਅਡਵਾਨੀ ਨਾਲ ਮੁਲਾਕਾਤ ਕੀਤੀ ਅਤੇ ਚੋਣ ਨਤੀਜਿਆਂ ਤੋਂ ਬਾਅਦ ਦੀ ਸਥਿਤੀ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਗਡਕਰੀ ਨੇ ਸੋਮਵਾਰ ਨੂੰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ। ਸੂਤਰਾਂ ਅਨੁਸਾਰ ਭਾਜਪਾ ਦੇ ਸੀਨੀਅਰ ਨੇਤਾ ਪਿਛਲੇ ਕੁਝ ਦਿਨਾਂ ਤੋਂ ਇਕ-ਦੂਜੇ ਨਾਲ ਮਿਲ ਰਹੇ ਹਨ। ਪਾਰਟੀ ਪ੍ਰਧਾਨ ਰਾਜਨਾਥ ਸਿੰਘ ਸੁਸ਼ਮਾ ਸਵਰਾਜ ਨਾਲ ਮਿਲੇ ਅਤੇ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਰਾਜਨਾਥ ਸਿੰਘ ਅਤੇ ਸੰਘ ਦੇ ਆਗੂਆਂ ਸਮੇਤ ਕਈਆਂ ਨਾਲ ਵਿਚਾਰ ਵਿਟਾਂਦਰਾ ਕੀਤਾ। ਜ਼ਿਕਰਯੋਗ ਹੈ ਕਿ ਮੋਦੀ ਨੇ ਸੋਮਵਾਰ ਨੂੰ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਅਤੇ ਸਾਬਕਾ ਲੋਕ ਸਭਾ ਪ੍ਰਧਾਨ ਪੀ.ਏ. ਸੰਗਮਾ ਨਾਲ ਅਹਿਮਦਾਬਾਦ ਵਿਚ ਮੁਲਾਕਾਤ ਕੀਤੀ ਸੀ।

Send this to a friend