ਚੰਡੀਗੜ੍ਹ, 13 ਅਗਸਤ- ਜਾਪਾਨ ਦੇ ਮੋਹਰੀ ਸਾਫ਼ਟਬੈਂਕ ਗਰੁੱਪ ਨੇ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੀਅਲ ਅਸਟੇਟ ਸੈਕਟਰ ਵਿੱਚ ਨਿਵੇਸ਼ ਕਰਨ ਦੀ ਯੋਜਨਾ ਸਾਂਝੀ ਕੀਤੀ ਜੋ ਉਨ੍ਹਾਂ ਦੇ ਪ੍ਰਮੁੱਖ ਓਯੋ ਸਟਾਰਟਅੱਪ ਰਾਹੀਂ ਵਿਦਿਆਰਥੀਆਂ ਦੀ ਰਿਹਾਇਸ਼ ‘ਤੇ ਕੇਂਦਰਿਤ ਹੈ। ਇਸ ਗਰੁੱਪ ਦੇ ਐਮ.ਡੀ. ਹਿਰੋਕੀ ਕਿਮੋਟੋ ਦੀ ਅਗਵਾਈ ਵਿੱਚ ਇਕ ਉੱਚ ਪੱਧਰੀ ਵਫਦ ਨੇ ਮੁੱਖ ਮੰਤਰੀ ਨਾਲ ਇੱਥੇ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਸਾਫ਼ਟਬੈਂਕ ਗਰੁੱਪ ਦੀ ਨਿਵੇਸ਼ ਯੋਜਨਾ ਨੂੰ ਹਕੀਕੀ ਰੂਪ ਦੇਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਵਫਦ ਨੂੰ ਨਿਵੇਸ਼ ਪੰਜਾਬ ਦੇ ਸਿੰਗਲ ਵਿੰਡੋ ਕਲੀਅਰੈਂਸ ਪਲੇਟਫਾਰਮ ਰਾਹੀਂ ਤੇਜ਼ੀ ਨਾਲ ਨਿਵੇਸ਼ ਨੂੰ ਯਕੀਨੀ ਬਣਾਉਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਰਿਆਇਤਾਂ ਅਤੇ ਸਹੂਲਤਾਂ ‘ਤੇ ਕੇਂਦਰਿਤ ਹੈ ਜਿਸ ਸਦਕਾ ਪਿਛਲੇ ਦੋ ਸਾਲਾਂ ਵਿੱਚ ਜ਼ਮੀਨੀ ਪੱਧਰ ‘ਤੇ 50,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਨਿਵੇਸ਼ ਪ੍ਰੋਜੈਕਟਾਂ ਬਾਰੇ ਵਫਦ ਨੂੰ ਜਾਣਕਾਰੀ ਦਿੰਦਿਆਂ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗਿਕ ਤੇ ਵਪਾਰ ਦੇ ਵਧੀਕ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਵਿੱਚ ਰੀਅਲ ਅਸਟੇਟ ਪ੍ਰਮੁੱਖ ਸੈਕਟਰ ਹੈ ਅਤੇ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ ਵਿੱਚ ਬਹੁਤ ਤਰੱਕੀ ਹੋਈ ਹੈ।