ਗਿਆਨੀ ਹਰਪ੍ਰੀਤ ਸਿੰਘ, ਭਾਈ ਲੌਂਗੋਵਾਲ, ਸ. ਬਾਦਲ, ਗਵਰਨਰ ਸ੍ਰੀ ਧਨਕਰ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ
ਅੰਮ੍ਰਿਤਸਰ, 11 ਅਗਸਤ- ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਸੂਬਿਆਂ ਅੰਦਰ ਆਰੰਭੀ ਗਈ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਪੱਛਮੀ ਬੰਗਾਲ ‘ਚ ਕਲਕੱਤਾ ਵਿਖੇ ਇਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਸਿੰਘ ਸਭਾ ਕਲਕੱਤਾ ਤੇ ਸਮੂਹ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਇੰਨਡੋਰ ਸਟੇਡੀਅਮ ਕਲਕੱਤਾ ਵਿਖੇ ਹੋਏ ਇਸ ਸਮਾਗਮ ‘ਚ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ, ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿੱਤ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਉਥੇ ਹੀ ਪੱਛਮੀ ਬੰਗਾਲ ਦੇ ਗਵਰਨਰ ਸ੍ਰੀ ਜਗਦੀਪ ਧਨਕਰ, ਉਥੋਂ ਦੇ ਕੈਬਨਿਟ ਮੰਤਰੀ ਸ੍ਰੀ ਸਾਧਲ ਪਾਂਡੇ ਅਤੇ ਹੋਰ ਸਥਾਨਕ ਆਗੂ ਵੀ ਮੌਜੂਦ ਸਨ।ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲੇ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਸਮੁੱਚੇ ਵਿਸ਼ਵ ਲਈ ਕਲਿਆਣਕਾਰੀ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਪਰਮਜੀਤ ਸਿੰਘ ਖ਼ਾਲਸਾ, ਦਿੱਲੀ ਕਮੇਟੀ ਆਗੂ ਬੀਬੀ ਰਣਜੀਤ ਕੌਰ, ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਸ. ਦਰਸ਼ਨ ਸਿੰਘ ਪੀ.ਏ., ਸਥਾਨਕ ਆਗੂ ਸ. ਬਚਨ ਸਿੰਘ ਸਰਲ, ਸ. ਸਤਵੰਤ ਸਿੰਘ, ਸਿੱਖ ਮਿਸ਼ਨ ਕਲਕੱਤਾ ਦੇ ਇੰਚਾਰਜ ਸ. ਜਗਮੋਹਨ ਸਿੰਘ ਗਿੱਲ, ਕਲਕੱਤਾ ਦੇ ਮੇਅਰ ਫਿਰਹਾਦ ਹਾਕਮ ਆਦਿ ਹਾਜ਼ਰ ਸਨ।