ਨਵੀਂ ਦਿੱਲੀ, 1 ਅਗਸਤ- ਉਨਾਵ ਗੈਂਗ ਰੇਪ ਪੀੜਤਾ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਉਸ ਨੂੰ ਕਥਿਤ ਤੌਰ ‘ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਏਜੰਸੀ ਨੂੰ ਹੁਕਮ ਦਿੱਤੇ ਹਨ ਕਿ ਉਹ ਪੀੜਤਾ ਨਾਲ ਵਾਪਰੇ ਸ਼ੱਕੀ ਸੜਕ ਹਾਦਸੇ ਬਾਰੇ 7 ਦਿਨਾਂ ਵਿੱਚ ਪੜਤਾਲ ਕਰਕੇ ਰਿਪੋਰਟ ਪੇਸ਼ ਕਰੇ। ਉੱਧਰ, ਮਾਮਲੇ ਦੇ ਮੁੱਖ ਮੁਲਜ਼ਮ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਵੀ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਦੇਸ਼ ਦੀ ਸਰਬਉੱਚ ਅਦਾਲਤ ਦੇ ਹੁਕਮਾਂ ਨਾਲ ਉਨਾਵ ਗੈਂਗਰੇਪ ਮਾਮਲੇ ਨਾਲ ਜੁੜੇ ਸਾਰੇ ਪੰਜ ਮੁਕੱਦਮੇ ਦਿੱਲੀ ਤਬਦੀਲ ਕਰ ਦਿੱਤੇ ਗਏ ਹਨ। ਇੱਕ ਹੀ ਜੱਜ ਦੀ ਅਦਾਲਤ ਵਿੱਚ ਸਾਰੇ ਮਾਮਲਿਆਂ ਦੀ ਰੋਜ਼ਾਨਾ ਸੁਣਵਾਈ ਹੋਵੇਗੀ। ਸੁਣਵਾਈ ਸ਼ੁਰੂ ਹੋਣ ਤੋਂ ਬਾਅਦ 45 ਦਿਨਾਂ ਦੇ ਅੰਦਰ-ਅੰਦਰ ਕੇਸ ਦਾ ਨਿਬੇੜਾ ਕੀਤਾ ਜਾਵੇਗਾ। ਸੁਪਰੀਮ ਕੋਰਟ ਨੂੰ ਸੋਲਿਸਟਰ ਜਨਰਲ ਨੇ ਕਿਹਾ ਕਿ ਪਰਿਵਾਰ ਚਾਹੇ ਤਾਂ ਪੀੜਤਾ ਤੇ ਵਕੀਲ ਨੂੰ ਕਿਸੇ ਹੋਰ ਹਸਪਤਾਲ ‘ਚ ਸ਼ਿਫਟ ਕੀਤਾ ਜਾ ਸਕਦਾ ਹੈ। ਅਦਾਲਤ ਨੇ ਇਸ ਦਾ ਫੈਸਲਾ ਪਰਿਵਾਰ ‘ਤੇ ਛੱਡਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਉੱਤਰ ਪ੍ਰਦੇਸ਼ ਦੇ ਕਸਬੇ ਉਨਾਵ ‘ਚ ਇੱਕ ਕੁੜੀ ਨਾਲ ਗੈਂਗਰੇਪ ਹੋਇਆ ਸੀ। ਗੈਂਗਰੇਪ ਦਾ ਮੁੱਖ ਮੁਲਜ਼ਮ ਬੀ.ਜੇ.ਪੀ. ਦਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਹੈ। ਪੀੜਤਾ ਨੇ ਸ਼ਿਕਾਇਤ ਦਿੱਤੀ ਕਿ ਬਾਵਜੂਦ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਅੱਕ ਕੇ ਪੀੜਤਾ ਨੇ ਮੁੱਖ ਮੰਤਰੀ ਰਿਹਾਇਸ ‘ਤੇ ਖ਼ੁਦ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਸੀ ਤਾਂ ਇਹ ਮਾਮਲਾ ਸੁਰਖੀਆਂ ‘ਚ ਆਇਆ।