April 24, 2026 6:05 am

ਸ੍ਰੀ ਨਨਕਾਣਾ ਸਾਹਿਬ ਤੋਂ ਜਾਹੋ ਜਲਾਲ ਨਾਲ ਭਾਰਤ ਪਹੁੰਚਿਆ ਅੰਤਰਰਾਸ਼ਟਰੀ ਨਗਰ ਕੀਰਤਨ

ਅਟਾਰੀ ਸਰਹੱਦ ‘ਤੇ ਹੋਇਆ ਭਰਵਾਂ ਸਵਾਗਤ ਪੰਜ ਤਖਤਾਂ ਦੀ ਯਾਤਰਾ ਮਗਰੋਂ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਸੰਪੂਰਨ

ਸ੍ਰੀ ਨਨਕਾਣਾ ਸਾਹਿਬ/ਅੰਮ੍ਰਿਤਸਰ, 1 ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਸ਼ੁਰੂ ਇਤਿਹਾਸਕ ਅੰਤਰਰਾਸ਼ਟਰੀ ਨਗਰ ਕੀਰਤਨ ਪੰਥਕ ਜਾਹੋ-ਜਲਾਲ ਨਾਲ ਨਗਾਰੇ ਦੀ ਗੂੰਜ ਵਿੱਚ ਭਾਰਤ ਦਾਖ਼ਲ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸਜਾਏ ਗਏ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਸੁਲਤਾਨ ਸਿੰਘ ਨੇ ਅਰਦਾਸ ਕੀਤੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸਜੀ ਬੱਸ ਵਿੱਚ ਸੁਸ਼ੋਭਿਤ ਪਾਲਕੀ ਸਾਹਿਬ ਅੰਦਰ ਸੁਭਾਏਮਾਨ ਕਰਨ ਦੀ ਸੇਵਾ ਨਿਭਾਈ। ਨਗਰ ਕੀਰਤਨ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਸੇਵਾ ਨਿਭਾ ਰਹੇ ਸਨ। ਅਟਾਰੀ ਸਰਹੱਦ ਰਾਹੀਂ ਭਾਰਤ ਦਾਖ਼ਲ ਹੋਣ ਸਮੇਂ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਓਮ ਪ੍ਰਕਾਸ਼ ਸੋਨੀ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਮੌਜੂਦ ਰਹੇ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ, ਜੱਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਗੁਲਜ਼ਾਰ ਸਿੰਘ ਰਣੀਕੇ, ਨਿਰਮਲ ਸਿੰਘ ਕਾਹਲੋਂ, ਵਿਰਸਾ ਸਿੰਘ ਵਲਟੋਹਾ ਵੱਲੋਂ ਵੀ ਨਗਰ ਕੀਰਤਨ ਦੇ ਸਵਾਗਤ ਮੌਕੇ ਸੰਗਤ ਵਿੱਚ ਹਾਜ਼ਰੀ ਭਰੀ ਗਈ। ਇਸ ਮੌਕੇ ਜਿੱਥੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਆਗੂ ਸ. ਦਰਬਾਰਾ ਸਿੰਘ ਗੁਰੂ, ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿੱਤ, ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਸਮੇਤ ਵੱਡੀ ਗਿਣਤੀ ਵਿਚ ਭਾਰਤ ਤੋਂ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ, ਉਥੇ ਹੀ ਓਕਾਫ ਬੋਰਡ ਦੇ ਸਕੱਤਰ ਜਨਾਬ ਤਾਰਿਕ ਵਜੀਰ ਖਾਂ ਤੇ ਇਮਰਾਨ ਗੋਂਦਲ, ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਸਤਵੰਤ ਸਿੰਘ, ਜਨਰਲ ਸਕੱਤਰ ਸ. ਅਮੀਰ ਸਿੰਘ, ਸਾਬਕਾ ਪ੍ਰਧਾਨ ਸ. ਬਿਸ਼ਨ ਸਿੰਘ, ਸ. ਮਸਤਾਨ ਸਿੰਘ ਅਤੇ ਪਾਕਿਸਤਾਨ ਕਮੇਟੀ ਦੇ ਮੈਂਬਰ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਇਹ ਵੀ ਦੱਸਣਾ ਬਣਦਾ ਹੈ ਕਿ ਸ੍ਰੀ ਨਨਕਾਣਾ ਸਾਹਿਬ ਤੋਂ ਇਲਾਵਾ ਸਿੰਧ, ਪੇਸ਼ਾਵਰ, ਲਾਹੌਰ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਤੋਂ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇਸ ਇਤਿਹਾਸਕ ਮੌਕੇ ‘ਤੇ ਗੁਰੂ ਸਾਹਿਬ ਨੂੰ ਸ਼ਰਧਾ ਭੇਟ ਕਰਨ ਲਈ ਪੁੱਜੀਆਂ ਹੋਈਆਂ ਸਨ।
ਨਨਕਾਣਾ ਸਾਹਿਬ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ‘ਚ ਸਦਾ ਚਮਕੇਗਾ : ਭਾਈ ਲੌਂਗੋਵਾਲ
ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਅਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਮੁੱਖ ਸ਼ਖਸੀਅਤਾਂ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਦੇਸ਼ ਵੰਡ ਮਗਰੋਂ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਭਾਰਤ ਵਿਚਲੇ ਪੰਜ ਤਖ਼ਤਾਂ ਲਈ ਨਗਰ ਕੀਰਤਨ ਨਾਲ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੀ ਲੜੀ ਵਿੱਚ ਇੱਕ ਇਤਿਹਾਸਕ ਪੰਨਾ ਦਰਜ਼ ਹੋ ਗਿਆ ਹੈ, ਜੋ ਇਤਿਹਾਸ ਅੰਦਰ ਸਦਾ ਸੁਨਹਿਰੀ ਅੱਖਰਾਂ ਵਿਚ ਚਮਕਦਾ ਰਹੇਗਾ।
ਗੁਰੂ ਨਾਨਕ ਸਾਹਿਬ ਦਾ ਫਲਸਫਾ ਅਜੋਕੀਆਂ ਮਨੁੱਖੀ ਸਮੱਸਿਆਵਾਂ ਦਾ ਸਭ ਤੋਂ ਸਟੀਕ ਹੱਲ : ਗਿਆਨੀ ਹਰਪ੍ਰੀਤ ਸਿੰਘ
ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜੋਕੇ ਵਿਸ਼ਵ ਪ੍ਰਸੰਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਵਖਿਆਨ ਕਰਦਿਆਂ ਕਿਹਾ ਕਿ ਅੱਜ ਮਨੁੱਖਤਾ ਨੂੰ ਦਰਪੇਸ਼ ਆਰਥਿਕ, ਸਮਾਜਿਕ, ਧਾਰਮਿਕ, ਰਾਜਨੀਤਿਕ ਸਮੱਸਿਆਵਾਂ ਦਾ ਹੱਲ ਗੁਰੂ ਨਾਨਕ ਸਾਹਿਬ ਦੇ ਫਲਸਫੇ ਅਨੁਸਾਰ ਜੀਵਨ ਜੀਅ ਕੇ ਸਹਿਜੇ ਹੀ ਕੀਤਾ ਜਾ ਸਕਦਾ ਹੈ। ਸਿੰਘ ਸਾਹਿਬ ਨੇ ਪਹਿਲੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਹਰ ਸਿੱਖ ਨੂੰ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਪਾਕਿਸਤਾਨ ਸਰਕਾਰ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਵੇਗੀ ਖੁੱਲ੍ਹਦਿਲੀ ਨਾਲ ਵੀਜ਼ੇ : ਜਨਾਬ ਤਾਰਿਕ ਵਜੀਰ- ਓਕਾਫ ਬੋਰਡ ਦੇ ਸਕੱਤਰ ਜਨਾਬ ਤਾਰਿਕ ਵਜੀਰ ਖਾਂ ਨੇ ਸ੍ਰੀ ਨਨਕਾਣਾ ਸਾਹਿਬ ਪੁੱਜੀਆਂ ਸੰਗਤਾਂ ਦਾ ਸਵਾਗਤ ਕਰਦਿਆਂ ਆਖਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਸਮੁੱਚੇ ਵਿਸ਼ਵ ਦੀਆਂ ਸੰਗਤਾਂ ਨੂੰ ਜੋੜਨ ਲਈ ਅਹਿਮ ਮੌਕਾ ਹੈ। ਉਨ੍ਹਾਂ ਦੱਸਿਆ ਕਿ ਇਸ ਮਹੱਤਵਪੂਰਨ ਸਮੇਂ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਸਰਕਾਰ ਵੱਲੋਂ ਵੱਡੀ ਪੱਧਰ ‘ਤੇ ਸੰਗਤਾਂ ਨੂੰ ਵੀਜ਼ੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਉਣ ਵਾਲੀਆਂ ਸੰਗਤਾਂ ਦੀ ਖ਼ਾਤਰਦਾਰੀ ਕਰਨਾ ਓਕਾਫ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਦੀ ਜ਼ੁੰਮੇਵਾਰੀ ਹੈ, ਜਿਸ ਨੂੰ ਨਿਭਾਉਣ ਲਈ ਉਹ ਤਤਪਰ ਰਹਿਣਗੇ।ਗੁਰੂ ਨਾਨਕ ਸਾਹਿਬ ਭਾਈਚਾਰਕ ਏਕਤਾ ਦੇ ਮਸੀਹਾ : ਪਾਕਿਸਤਾਨ ਕਮੇਟੀ- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਤਵੰਤ ਸਿੰਘ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈਚਾਰਕ ਏਕਤਾ ਦੀ ਗੱਲ ਕੀਤੀ, ਜੋ ਵਿਸ਼ਵ ਦੇ ਧਾਰਮਿਕ ਇਤਿਹਾਸਕ ਅੰਦਰ ਨਵੇਕਲੀ ਪੈੜ ਸੀ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਦੀ ਸ਼ਖ਼ਸੀਅਤ ਬ੍ਰਹਿਮੰਡੀ ਹੈ, ਜਿਸ ਦੀ ਵਿਸ਼ਵ ਵਿਚ ਵੱਸਣ ਵਾਲੇ ਲੋਕਾਂ ਅੰਦਰ ਭਾਰੀ ਮਾਨਤਾ ਹੈ। ਉਨ੍ਹਾਂ ਨਗਰ ਕੀਰਤਨ ਨੂੰ ਇਤਿਹਾਸਕ ਮੌਕਾ ਦੱਸਦਿਆਂ ਕਿਹਾ ਕਿ ਇਹ ਸਿੱਖ ਇਤਿਹਾਸ ਅੰਦਰ ਯਾਦਗਾਰੀ ਪਲਾਂ ਵਜੋਂ ਅੰਕਿਤ ਹੋਵੇਗਾ। ਉਨ੍ਹਾਂ ਸਮੁੱਚੀਆਂ ਸੰਗਤਾਂ ਦਾ ਪਾਕਿਸਤਾਨ ਪੁੱਜਣ ‘ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ. ਅਮੀਰ ਸਿੰਘ ਨੇ ਆਖਿਆ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਸੰਗਤਾਂ ਦੀਆਂ ਲੱਗੀਆਂ ਰੌਣਕਾਂ ਸਾਂਝਾਂ ਦਾ ਪ੍ਰਤੀਕ ਹਨ।ਉਨ੍ਹਾਂ ਆਖਿਆ ਕਿ ਅਜਿਹੇ ਮੌਕੇ ਮੁੱਦਤਾਂ ਬਾਅਦ ਬਣਦੇ ਹਨ।ਨਗਰ ਕੀਰਤਨ ਦੀ ਆਰੰਭਤਾ ਮੌਕੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਬਿੱਕਰ ਸਿੰਘ ਚੰਨੂ, ਸ. ਹੀਰਾ ਸਿੰਘ ਗਾਬੜੀਆ, ਅੰਤ੍ਰਿੰਗ ਮੈਂਬਰ ਭਾਈ ਮਨਜੀਤ ਸਿੰਘ, ਸ. ਭੁਪਿੰਦਰ ਸਿੰਘ ਭਲਵਾਨ, ਸ. ਖ਼ੁਸ਼ਵਿੰਦਰ ਸਿੰਘ ਭਾਟੀਆ, ਸ. ਸ਼ਿੰਗਾਰਾ ਸਿੰਘ ਲੋਹੀਆਂ, ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਸ. ਭਗਵੰਤ ਸਿੰਘ ਸਿਆਲਕਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਸੋਹਣ ਸਿੰਘ ਠੰਡਲ, ਸ. ਸੁਖਵਰਸ਼ ਸਿੰਘ ਪੰਨੂ, ਸ. ਗੁਰਦੀਪ ਸਿੰਘ ਭਾਟੀਆ, ਮੁੱਖ ਸਕੱਤਰ ਡਾ. ਰੂਪ ਸਿੰਘ, ਸ. ਕਰਨੈਲ ਸਿੰਘ ਪੰਜੋਲੀ, ਸ. ਹਰਪਾਲ ਸਿੰਘ ਜੱਲ੍ਹਾ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਮੇਜਰ ਸਿੰਘ ਢਿੱਲੋਂ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਸ. ਕੌਰ ਸਿੰਘ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਰਣਜੀਤ ਸਿੰਘ ਕਾਹਲੋਂ, ਸ. ਗੁਰਮੇਲ ਸਿੰਘ ਸੰਗਤਪੁਰਾ, ਸ. ਮਨਜੀਤ ਸਿੰਘ ਬੱਪੀਆਣਾ, ਸ. ਕੁਲਵੰਤ ਸਿੰਘ ਮੰਨਣ, ਸ. ਗੁਰਤੇਜ ਸਿੰਘ ਢੱਡੇ, ਸ. ਗੁਰਪ੍ਰਤਾਪ ਸਿੰਘ ਟਿੱਕਾ, ਸ. ਅਮਰਬੀਰ ਸਿੰਘ ਢੋਟ, ਬੀਬੀ ਹਰਜਿੰਦਰ ਕੌਰ, ਬੀਬੀ ਕਿਰਨਜੋਤ ਕੌਰ, ਬੀਬੀ ਗੁਰਪ੍ਰੀਤ ਕੌਰ ਰੂਹੀ, ਬੀਬੀ ਪਰਮਜੀਤ ਕੌਰ ਲਾਂਡਰਾਂ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਪ੍ਰੇਮ ਸਿੰਘ, ਭਾਈ ਦਇਆ ਸਿੰਘ, ਸ. ਤਲਵਿੰਦਰ ਸਿੰਘ ਬੁੱਟਰ, ਸ. ਰਾਜਿੰਦਰ ਸਿੰਘ ਰੂਬੀ, ਸ. ਬਘੇਲ ਸਿੰਘ, ਸ. ਜਗਸੀਰ ਸਿੰਘ ਚੇਅਰਮੈਨ, ਪਾਕਿਸਤਾਨ ਕਮੇਟੀ ਦੇ ਮੈਂਬਰ, ਪਾਕਿਸਤਾਨ ਦੀਆਂ ਪ੍ਰਮੁੱਖ ਸ਼ਖ਼ਸ਼ੀਅਤਾਂ ਤੇ ਸੰਗਤਾਂ ਮੌਜੂਦ ਸਨ।

Send this to a friend