ਨਵੀਂ ਦਿੱਲੀ, 9 ਮਈ (ਪੀ.ਟੀ.)-ਰਾਹੁਲ ਗਾਂਧੀ ਨੂੰ ਦਲਿਤਾਂ ਨਾਲ ਜੋੜ ਕੇ ਕੀਤੀ ਟਿੱਪਣੀ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਯੋਗਾ ਗੁਰੂ ਰਾਮਦੇਵ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਉਨ੍ਹਾਂ ਵਿਰੁੱਧ ਕਾਰਵਾਈ ਉਪਰ ਫਿਲਹਾਲ ਰੋਕ ਲਾ ਦਿੱਤੀ ਹੈ। ਰਾਮਦੇਵ ਨੇ ਕਿਹਾ ਸੀ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦਲਿਤਾਂ ਦੇ ਘਰਾਂ ’ਚ ਹਨੀਮੂਨ ਤੇ ਪਿਕਨਿਕ ਮਣਾਉਣ ਜਾਂਦਾ ਹੈ। ਉਨ੍ਹਾਂ ਦੀ ਇਸ ਟਿੱਪਣੀ ਕਾਰਨ ਦਲਿਤ ਭਾਈਚਾਰੇ ’ਚ ਵਿਆਪਕ ਰੋਸ ਫੈਲ ਗਿਆ ਹੈ ਤੇ ਦਲਿਤਾਂ ਵੱਲੋਂ ਦੇਸ਼ ਭਰ ’ਚ ਰਾਮਦੇਵ ਵਿਰੁੱਧ ਪ੍ਰਦਰਸ਼ਨ ਕੀਤੇ ਗਏ ਹਨ। ਸੁਪਰੀਮ ਕੋਰਟ ਨੇ ਰਾਮਦੇਵ ਨੂੰ ਝਾੜ ਪਾਉਂਦਿਆਂ ਕਿਹਾ ਕਿ ਉਹ ਸੋਚ ਸਮਝ ਕੇ ਬਿਆਨ ਦਿਆ ਕਰਨ। ਇਸ ਦੇ ਨਾਲ ਹੀ ਅਦਾਲਤ ਨੇ ਰਾਮਦੇਵ ਨੂੰ 10 ਲੱਖ ਰੁਪਏ ਜਮ੍ਹਾਂ ਕਰਵਾਉਣ ਦਾ ਵੀ ਆਦੇਸ਼ ਦਿੱਤਾ ਹੈ।
ਮੁੱਖ ਜੱਜ ਆਰ.ਐਮ ਲੋਧਾ ਦੇ ਬੈਂਚ ਨੇ ਰਾਮਦੇਵ ਵਿਰੁੱਧ ਮਾਮਲੇ ਦਰਜ ਕਰਨ ਵਾਲੇ ਸਾਰੇ ਰਾਜਾਂ ਦੀ ਪੁਲਿਸ ਨੂੰ ਨੋਟਿਸ ਵੀ ਜਾਰੀ ਕੀਤੇ ਹਨ। ਰਾਮਦੇਵ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਬੇਨਤੀ ਕੀਤੀ ਹੈ ਕਿ ਉਸ ਦੀ ਹਨੀਮੂਨ ਸਬੰਧੀ ਟਿਪਣੀ ਨੂੰ ਲੈ ਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਦਰਜ ਮਾਮਲਿਆਂ ਨੂੰ ਇਕੱਠਿਆ ਕਰ ਦਿੱਤਾ ਜਾਵੇ ਤੇ ਉਸ ਵਿਰੁੱਧ ਕਿਸੇ ਵੀ ਤਰਾਂ ਦੀ ਕਾਰਵਾਈ ਉਪਰ ਰੋਕ ਲਾਉਣ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ।