May 26, 2026 3:24 am

ਸੀ.ਐੱਮ.ਓ. ਰੇਵਾੜੀ ਅਤੇ ਸੀ.ਐੱਮ.ਓ ਨਾਰਨੌਲ ਦੀ ਜੱਜ ਸਾਹਿਬ ਵਲੋਂ ਸਖਤੀ ਨਾਲ਼ ਕੀਤੀ ਗਈ ਪੁੱਛਗਿੱਛ, ਅਗਲੀ ਪੇਸ਼ੀ 30 ਨੂੰ

image ਹਿਸਾਰ,  9 ਮਈ (ਪੀ.ਟੀ.)-2 ਨਵੰਬਰ 1984 ਨੂੰ ਸਾਜਿਸ਼ ਅਧੀਨ ਕਤਲ ਕੀਤੇ 32 ਸਿੱਖਾਂ ਦੇ ਕੇਸਾਂ ਦੀਆਂ ਅੰਦਰੂਨੀ ਪਰਤਾਂ ਖੁਲਣੀਆਂ ਸ਼ੁਰੂ ਹੋ ਗਈਆਂ ਹਨ । ਇਸੇ ਸਬੰਧੀ ਅੱਜ ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਅੱਜ ਸੁਣਵਾਈ ਸੀ । ਅੱਜ ਦੀ ਸੁਣਵਾਈ ਵਿੱਚ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਆਪਣੇ ਵਕੀਲ ਰਣਜੀਤ ਸਿੰਘ ਯਾਦਵ ਨੂੰ ਨਾਲ਼ ਲੈ ਕੇ ਪੇਸ ਹੋਏ । ਅੱਜ ਦੀ ਸੁਣਵਾਈ ਦੌਰਾਨ ਸੀ.ਐਮ.ਓ. ਰੇਵਾੜੀ ਡ.ਵਰਿੰਦਰ ਕੁਮਾਰ ਪੇਸ਼ ਹੋਏ, ਉਹਨਾਂ ਨੂੰ ਜਸਟਿਸ ਟੀ.ਪੀ.ਗਰਗ ਵਲੋੰ ਕਤਲ ਕੀਤੇ 32 ਸਿੱਖਾਂ ਦੇ ਪੋਸਟ ਮਾਰਟਮ ਸਬੰਧੀ ਸਖਤੀ ਨਾਲ਼ ਪੁੱਛਗਿੱਛ ਕੀਤੀ । ਸੀ.ਐਮ.ਓ ਨੇ ਅਦਾਲਤ ਨੂੰ ਦੱਸਿਆ ਕਿ ਉਸ

ਨੇ ਹੁਣੇ ਹੀ ਜੁਆਇੰਨ ਕੀਤਾ ਹੈ ਅਤੇ ਰਿਕਾਰਡ ਪੁਰਾਣਾ ਹੋਣ ਕਰਕੇ ਉਹ ਪੂਰੀ ਤਫਦੀਸ਼ ਨਹੀਂ ਕਰ ਪਾਏ । ਉਸ ਵਲੋਂ ਨਵੰਬਰ 1984 ਦਾ ਹਾਜਰੀ ਰਜਿਸਟਰ ਵੀ ਪੇਸ਼ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਉਸ ਟਾਈਮ ਰੇਵਾੜੀ ਜਿਲਾ ਨਹੀਂ ਸੀ ਇਸ ਕਰਕੇ ਉਸ ਸਮੇਂ ਐਸ.ਐਮ.ਓ. ਡਾ.ਪੀ.ਪੀ. ਲੇਖਾ ਡਿਉਟੀ ਤੇ ਤੈਨਾਤ ਸਨ । ਇਹਨਾਂ ਤੋਂ ਇਲਾਵਾ ਡਾ. ਰਤਨ ਕੁਮਾਰ, ਐਸ.ਕੇ.ਅਰੋੜਾ, ਆਰ.ਐਸ.ਯਾਦਵ, ਅਨਿਲ ਮਲਹੋਤਰਾ, ਸਰੋਜ ਰਾਵ, ਹਿਮਾਂਸੂ ਭਟੇਜਾ,ਓ.ਪੀ.ਪਾਬਲਾ ਆਦਿ ਵੀ ਡਿਊਟੀ ਤੇ ਸਨ। ਜਿੰਨਾ ਦਾ ਰਿਕਾਰਡ ਹਾਜਰੀ ਰਜਿਸਟਰ ਵਿੱਚ ਦਰਜ ਹੈ । ਉਹਨਾਂ 2ਨਵੰਬਰ ਤੋਂ 06 ਨਵੰਬਰ 1984 ਤੱਕ ਦਾ ਓ.ਪੀ.ਡੀ. ਰਿਕਾਰਡ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ।
ਉਹਨਾਂ ਤੋਂ ਬਾਅਦ ਸੀ.ਐਮ.ਓ.ਨਾਰਨੌਲ ਡਾ.ਭੂਸਣ ਹਾਜਿਰ ਹੋਏ । ਉਹਨਾਂ ਅਦਾਲਤ ਨੂੰ ਦੱਸਿਆ ਕਿ ਭਾਵੇਂ ਜਾਤੂਪੁਰ ਥਾਣਾ ਨਾਰਨੌਲ ਦਾ ਹੀ ਹਿੱਸਾ ਹੀ ਸੀ ਪਰ ਦੂਰ ਹੋਣ ਕਾਰਨ ਕੋਈ ਵੀ ਮਰੀਜ ਨਾਰਨੌਲ ਨਹੀਂ ਜਾਂਦਾ ਸੀ । ਸਾਰੇ ਮਰੀਜ ਜਾਂ ਦਫਤਰੀ ਕੰਮ ਤਹਿਸੀਲ ਰੇਵਾੜੀ ਵਿੱਚ ਹੀ ਹੁੰਦੇ ਸਨ । ਇਸ ਲਈ ਇਸ ਕੇਸ ਸਬੰਧੀ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ । 32 ਸਿੱਖਾਂ ਦੇ ਕਤਲ ਕੇਸ ਨਾਲ਼ ਸਬੰਧਿਤ ਆਈ.ਓ.ਰਾਮ ਕੁਮਾਰ ਵੀ ਅਦਾਲਤ ਵਿੱਚ ਪੇਸ਼ ਹੋਏ । ਉਸ ਨੇ ਦੱਸਿਆ ਕਿ ਹੋਦ ਕੇਸ ਨਾਲ਼ ਸਬੰਧਿਤ ਐਫ.ਆਈ.ਆਰ ਉਸ ਵਲੋਂ 3.11.84 ਨੂੰ ਸਵੇਰੇ 9.30 ਤੇ ਲਿਖੀ ਗਈ ਸੀ ਜੋ ਉਸ ਸਮੇਂ ਦੇ ਸਰਪੰਚ ਧਨਪਤ ਵਲੋਂ ਲਿਖਵਾਈ ਗਈ ਸੀ । ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਐਸ.ਐਚ ਓ. ਰਾਮ ਕਿਸੋਰ ਅਤੇ ਡੀ.ਐਸ.ਪੀ. ਰਾਮ ਵੰਸ਼ ਨੂੰ ਸੂਚਿਤ ਕੀਤਾ ਗਿਆ ਸੀ । ਉਹ ਮੋਕੇ ਤੇ ਤਕਰੀਬਨ 11 ਵਜੇ ਪੁੱਜ ਗਏ ਸਨ। ਉਸ ਵਲੋਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਐਸ.ਪੀ. ਮਹਿੰਦਰ ਕੁਮਾਰ ਬਿਸਨੋਈ ਵੀ ਮੌਕੇ ਤੇ ਪੁੱਜ ਗਏ ਸਨ।  ਉਹਨਾਂ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਡਾਕਟਰਾਂ ਦੀ ਟੀਮ ਨੂੰ ਮੰਗਵਾਇਆ  ਸੀ । ਉਸ ਨੇ ਅਦਾਲਤ ਨੂੰ ਦੱਸਿਆ ਕਿ ਡਾਕਟਰਾਂ ਵਲੋਂ ਮੌਕੇ ਤੇ ਹੀ ਪੋਸਟਮਾਰਟਮ ਵੀ ਕੀਤਾ ਗਿਆ ਸੀ।  ਪੋਸਟਮਾਰਟਮ ਰਿਪੋਰਟਾਂ ਨੂੰ ਤਫਦੀਸ਼ੀ ਫਾਈਲ ਵਿੱਚ ਨੱਥੀ ਵੀ ਕੀਤਾ ਸੀ । ਉਸ ਨੇ ਅਦਾਲਤ ਨੂੰ ਦੱਸਿਆ ਕਿ ਮੌਕੇ ਦਾ ਸੀਨ ਬੜਾ ਭਿਆਨਕ ਸੀ। ਛੋਟੇ-ਛੋਟੇ ਬੱਚਿਆਂ ਦੀਆਂ ਲਾਸ਼ਾਂ ਜਗਹ-ਜਗਹ ਖਿਲਰੀਆਂ ਪਈਆਂ ਸਨ। ਉਸ ਨੇ ਅਦਾਲਤ ਨੂੰ ਦੱਸਿਆ ਕਿ 300-400 ਮੀਟਰ ਦੂਰ ਵਰਦੀ ਪਾਏ ਫੌਜੀ ਜਵਾਨ ਦੀ ਲਾਸ਼ ਵੀ ਉਸ ਨੇ ਦੇਖੀ। ਉਸ ਨੇ ਅਦਾਲਤ ਨੂੰ ਦੱਸਿਆ ਕਿ ਮੌਕੇ ਤੇ ਹੀ ਲਾਸ਼ਾ ਨੂੰ ਇਕੱਠੇ ਕਰਕੇ ਸਸਕਾਰ ਕੀਤਾ ਸੀ । ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੀ ਪ੍ਰਮੋਸਨ ਹੋਣ ਕਾਰਨ ਇਸ ਤੋਂ ਜਿਆਦਾ ਕੇਸ ਬਾਰੇ ਉਸ ਨੂੰ ਪਤਾ ਨਹੀਂ ਹੈ । ਜੱਜ ਸਾਹਿਬ ਨੇ ਸਾਰਿਆਂ ਨੂੰ ਧਿਆਨ ਨਾਲ਼ ਸੁਣਨ ਉਪਰੰਤ ਅਗਲੀ ਪੇਸ਼ੀ ਤੇ ਹਦਾਇਤ ਕੀਤੀ ਗਈ ਕਿ ਪੋਸਟ ਮਾਰਟਮ ਰਿਪੋਰਟ ਪੇਸ਼ ਕੀਤੀ ਜਾਵੇ ਅਤੇ ਅਗਲੀ ਸੁਣਵਾਈ 30 ਮਈ ਤੇ ਪਾ ਦਿੱਤੀ ਗਈ । ਇਸ ਮੌਕੇ ਪੀੜਤਾਂ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਪ੍ਰਚਾਰਕ ਵਰਿਆਮ ਸਿੰਘ ਹੇਮਰਾਜਪੁਰ, ਹਰਜਿੰਦਰ ਸਿੰਘ ਆਦਿ ਹਾਜਿਰ ਸਨ।

Send this to a friend