May 31, 2026 5:23 pm

ਪਾਵਨ ਸਰੂਪਾਂ ਨੂੰ ਵਿਦੇਸ਼ਾਂ ’ਚ ਸਮਗਲਿੰਗ ਕਰਨ ਬਾਰੇ ਰਾਣੂੰ ਦਾ ਬਿਆਨ ਕੋਰਾ ਝੂਠ : ਜਥੇ:ਅਵਤਾਰ ਸਿੰਘ

ਸ਼੍ਰੋਮਣੀ ਕਮੇਟੀ ਪੂਰਨ ਮਰਿਯਾਦਾ ਅਨੁਸਾਰ ਹੀ ਵਿਦੇਸ਼ਾਂ ’ਚ ਭੇਜਦੀ ਹੈ ਪਾਵਨ ਸਰੂਪ
image ਅੰਮ੍ਰਿਤਸਰ, 9 ਮਈ (ਪੀ.ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਮਜੀਤ ਸਿੰਘ ਰਾਣੂੰ ਦੇ ਉਸ ਬਿਆਨ ਨੂੰ ਕੋਰਾ ਝੂਠ ਤੇ ਸਚਾਈ ਤੋਂ ਕੋਹਾਂ ਦੂਰ ਦੱਸਿਆ ਹੈ, ਜਿਸ ਵਿੱਚ ਉਸ ਨੇ ਸ਼੍ਰੋਮਣੀ ਕਮੇਟੀ ਵੱਲੋਂ ਵਿਦੇਸ਼ਾਂ ’ਚ ਭੇਜੇ ਜਾਂਦੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਰਯਾਦਾ ਅਨੁਸਾਰ ਨਾ ਭੇਜੇ ਜਾਣ ਦੀ ਗੱਲ ਕਹੀ ਹੈ।ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈ¤ਸ ਬਿਆਨ ’ਚ ਜਥੇਦਾਰ ਅਵਤਾਰ ਸਿੰਘ ਨੇ ਦੇਸ਼-ਵਿਦੇਸ਼ ’ਚ ਬੈਠੀਆਂ ਸਿੱਖ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਰਾਣੂੰ ਦੇ ਗੁਰੂ ਪੰਥ ਦੀ ਧਾਰਮਿਕ ਸੰਸਥਾ ਬਾਰੇ ਗੁੰਮਰਾਹ ਕੁੰਨ ਤੇ ਝੂਠੇ ਬਿਆਨਾਂ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਜਿਥੋਂ ਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਦੇਸ਼ ਭੇਜਣ ਦਾ ਸਵਾਲ ਹੈ ਸ਼੍ਰੋਮਣੀ ਕਮੇਟੀ ਕਦੇ ਵੀ ਇਸ ਮਾਮਲੇ ’ਚ ਅਵੇਸਲਾਪਨ ਨਹੀਂ ਰੱਖਦੀ। ਉਨ੍ਹਾਂ ਕਿਹਾ

ਕਿ ਸ਼੍ਰੋਮਣੀ ਕਮੇਟੀ ਵੱਲੋਂ ਇਟਲੀ ਦੀਆਂ ਸੰਗਤਾਂ ਦੀ ਮੰਗ ਅਨੁਸਾਰ 450 ਪਾਵਨ ਸਰੂਪ ਭੇਜੇ ਗਏ ਸਨ ਜੋ ਪੂਰਨ ਮਰਯਾਦਾ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਪਾਵਨ ਸਰੂਪਾਂ ਵਾਲੀ ਆਪਣੀ ਬੱਸ ਸਮੁੰਦਰੀ ਜਹਾਜ਼ ਰਾਹੀਂ ਭੇਜੀ ਸੀ। ਇਹ ਪਾਵਨ ਸਰੂਪ ਅਪ੍ਰੈਲ 2011 ਵਿੱਚ ਇਟਲੀ ਪਹੁੰਚੇ ਸਨ ਤੇ ਇਨ੍ਹਾਂ ਪਾਵਨ ਸਰੂਪਾਂ ਦੀ ਮਰਯਾਦਾ ਅਨੁਸਾਰ ਮੁਕੰਮਲ ਸਾਂਭ ਸੰਭਾਲ ਕਰਵਾਉਣ ਲਈ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਨਿਰਮੈਲ ਸਿੰਘ ਜੌਲਾਂ ਕਲ੍ਹਾਂ ਅੰਤ੍ਰਿੰਗ ਮੈਂਬਰ, ਸ.ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ.ਬਿਜੈ ਸਿੰਘ ਮੀਤ ਸਕੱਤਰ ਤੇ ਸ.ਦਲਬੀਰ ਸਿੰਘ ਸੂਚਨਾ ਅਧਿਕਾਰੀ ਨਾਲ ਗਏ ਸਨ।
ਇਸੇ ਤਰ੍ਹਾਂ ਆਸਟ੍ਰੇਲੀਆ ਦੀਆਂ ਸੰਗਤਾਂ ਵੱਲੋਂ ਪੁੱਜੀ ਮੰਗ ਦੇ ਅਧਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ 120 ਪਾਵਨ ਸਰੂਪ ਭੇਜੇ ਗਏ ਸਨ ਉਹ ਵੀ ਸ਼੍ਰੋਮਣੀ ਕਮੇਟੀ ਦੀ ਪਾਵਨ ਸਰੂਪਾਂ ਵਾਲੀ ਬੱਸ ਨੰਬਰ ਪੀ.ਬੀ. 02 ਬੀ.ਜੇ. 9600 ਵਿੱਚ ਪੂਰਨ ਮਰਯਾਦਾ ਅਨੁਸਾਰ ਸੁਸ਼ੋਭਿਤ ਕਰਕੇ ਗੱਡੀ ਸਮੇਤ ਹੀ ਸਮੁੰਦਰੀ ਜਹਾਜ਼ ਰਾਹੀਂ ਮੈਲਬੋਰਨ ਵਿਖੇ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਾਸ ਜਦੋਂ ਵੀ ਵਿਦੇਸ਼ ਤੋਂ ਪਾਵਨ ਸਰੂਪ ਲੈਣ ਬਾਰੇ ਕੋਈ ਮੰਗ ਪੁੱਜਦੀ ਹੈ ਤਾਂ ਉਸ ਮੰਗ ਬਾਰੇ ਅੰਤ੍ਰਿੰਗ ਕਮੇਟੀ ’ਚ ਵਿਚਾਰ ਚਰਚਾ ਹੁੰਦੀ ਹੈ। ਅੰਤ੍ਰਿੰਗ ਕਮੇਟੀ ਦੀ ਸਹਿਮਤੀ ਤੋਂ ਬਾਅਦ ਪਾਵਨ ਸਰੂਪ ਮਰਯਾਦਾ ਅਨੁਸਾਰ ਭੇਜੇ ਜਾਣ ਬਾਰੇ ਅਧਿਕਾਰੀਆਂ ਨੂੰ ਵਿਸ਼ੇਸ ਤੌਰ ਤੇ ਕਿਹਾ ਜਾਂਦਾ ਹੈ ਕਿ ਇਸ ਮਾਮਲੇ ਵਿੱਚ ਕੋਈ ਕੁਤਾਹੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਮਲੇਸ਼ੀਆ ਦੀਆਂ ਸੰਗਤਾਂ ਵੱਲੋਂ ਕੀਤੀ ਮੰਗ ਅਨੁਸਾਰ ਉਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 170 ਪਾਵਨ ਸਰੂਪ ਪੂਰਨ ਮਰਯਾਦਾ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਆਪਣੀ ਪਾਵਨ ਸਰੂਪਾਂ ਵਾਲੀ ਬੱਸ ਵਿੱਚ ਸ.ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਤੇ ਸ.ਹਰਪਾਲ ਸਿੰਘ ਕਲਰਕ ਦੀ ਨਿਗਰਾਨੀ ਹੇਠ ਭੇਜੇ ਗਏ ਸਨ।
ਜਥੇਦਾਰ ਅਵਤਾਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਲਈ ਦੱਸਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਜਾਣ ਲਈ ਵਿਸ਼ੇਸ਼ ਬੱਸਾਂ ਤਿਆਰ ਕਰਵਾਈਆਂ ਹੋਈਆਂ ਹਨ ਜੋ ਏ.ਸੀ. ਹਨ ਤੇ ਉਨ੍ਹਾਂ ਵਿੱਚ ਬਕਾਇਦਾ ਕੈਬਨ ਬਣੇ ਹਨ ਇਕੱਲੇ-ਇਕੱਲੇ ਕੈਬਨ ਵਿੱਚ ਛੋਟਾ ਚੰਦੋਆ ਸਾਹਿਬ ਲਗਾਇਆ ਹੋਇਆ ਹੈ ਤੇ ਥੱਲੇ ਗਦੇਲੇ ਲੱਗੇ ਹਨ। ਇਕੱਲੇ-ਇਕੱਲੇ ਕੈਬਨ ਵਿੱਚ ਪਾਵਨ ਸਰੂਪ ਸੁਸ਼ੋਭਿਤ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਰਾਣੂੰ ਵਰਗੇ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਖਿਲਾਫ ਕੁਝ ਬੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖ ਪੜਤਾਲ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਪਣਾ ਨਾਮ ਅਖਬਾਰਾਂ ’ਚ ਜਿੰਦਾ ਰੱਖਣ ਲਈ ਉਹ ਸ਼੍ਰੋਮਣੀ ਕਮੇਟੀ ਖਿਲਾਫ ਝੂਠੀ ਬਿਆਨਬਾਜੀ ਅਕਸਰ ਕਰਦਾ ਰਹਿੰਦਾ ਹੈ, ਜਿਸ ਤੋਂ ਸੰਗਤਾਂ ਭਲੀ-ਭਾਂਤ ਜਾਣੂੰ ਹਨ। ਉਨ੍ਹਾਂ ਅਖਬਾਰਾਂ ਨੂੰ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਸੰਸਥਾ ਖਿਲਾਫ ਬਿਆਨ ਲਾਉਣ ਤੋਂ ਪਹਿਲਾਂ ਸੰਸਥਾ ਦਾ ਪੱਖ ਨਾ ਜਾਨਣਾ ਪੱਤਰਕਾਰਤਾ ਦੇ ਵਿਰੁੱਧ ਹੈ।’

Send this to a friend