ਅਮੇਠੀ, 7 ਮਈ (ਪੀ.ਟੀ.)-ਅਮੇਠੀ ਤੋਂ ਭਾਜਪਾ ਉਮੀਦਵਾਰ ਸਮ੍ਰਿਤੀ ਈਰਾਨੀ ਅਤੇ ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਦੀ ਦੀ ਜਨਸੰਪਰਕ ਅਧਿਕਾਰੀ ਵਿਚਕਾਰ ਅੱਜ ਮਤਦਾਨ ਕੇਂਦਰ ’ਤੇ ਮੌਜੂਦਗੀ ਨੂੰ ਲੈ ਕੇ ਤਕਰਾਰ ਹੋ ਗਈ। ਸਮ੍ਰਿਤੀ ਦੇ ਜਨਸੰਪਰਕ ਅਧਿਕਾਰੀ ਅਸ਼ੋਕ ਪਟੇਲ ਨੇ ਦੱਸਿਆ ਕਿ ਸਮ੍ਰਿਤੀ ਜਦੋਂ ਜਗਦੀਸ਼ਪੁਰ ਦੇ ਠੌਰੀ ਪਿੰਡ ’ਚ ਬੂਥ ਨੰਬਰ 210 ਅਤੇ 211 ’ਤੇ ਪਹੁੰਚੀ ਤਾਂ ਪ੍ਰਿਅੰਕਾ ਗਾਂਧੀ ਦੀ ਪੀ.ਆਰ.ਓ. ਪ੍ਰੀਤੀ ਸਹਾਏ ਬੂਥ ਅੰਦਰ ਮਿਲੀ। ਇਸ ’ਤੇ ਸਮ੍ਰਿਤੀ ਨੇ ਇਤਰਾਜ਼ ਕੀਤਾ ਤਾਂ ਦੋਵਾਂ ਵਿਚਕਾਰ ਬਹਿਸ ਹੋ ਗਈ। ਸਮ੍ਰਿਤੀ ਨੇ ਜਦੋਂ ਪ੍ਰੀਤੀ ਤੋਂ ਏਜੰਟ ਪਾਸ ਦਿਖਾਉਣ ਨੂੰ ਕਿਹਾ ਤਾਂ ਉਹ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ। ਇਸ ’ਤੇ ਪੁਲਿਸ ਨੇ ਪ੍ਰੀਤੀ ਨੂੰ ਬੂਥ ਤੋਂ ਬਾਹਰ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਸਮ੍ਰਿਤੀ ਨੇ ਇਸ ਮਾਮਲੇ ’ਚ ਸ਼ਿਕਾਇਤ ਜਰੂਰ ਕੀਤੀ ਹੈ ਪਰ ਸਮ੍ਰਿਤੀ ਤੇ ਪ੍ਰੀਤੀ ਦੋਵਾਂ ਦਾ ਰਵੱਈਆ ਬਿਲਕੁਲ ਗਲਤ ਸੀ।