ਪੀੜਤਾਂ ਨੂੰ ਇਨਸਾਫ ਤੇ ਨਿਆਂ ਦਿਵਾਉਣ ਲਈ ਸੰਘਰਸ਼ ਜਾਰੀ ਰੱਖਾਂਗੇ : ਭਾਈ ਦਰਸ਼ਨ ਸਿੰਘ ਘੋਲੀਆ
ਕੁਰੂਕਸ਼ੇਤਰ, 12 ਜੁਲਾਈ (ਜਸਬੀਰ ਸਿੰਘ ਦੁੱਗਲ)- ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਧੀ ਦੀ ਮੌਤ ਤੋ ਬਾਅਦ ਦੇਸ ਦੇ ਵੱਖ-ਵੱਖ ਹਿੱਸਿਆ ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਦੌਰਾਨ ਹਰਿਆਣਾ ਦੇ ਗੁੜਗਾਓੁ-ਪਟੌਦੀ ਵਿਚ 47 ਸਿੱਖਾਂ ਨੂੰ ਬੁਰੀ ਤਰਾਂ੍ਹ ਦਰਿੰਦਿਆ ਨੇ ਮਾਰ ਮੁਕਾਇਆ ਸੀ ਅਤੇ 297 ਘਰਾਂ ਨੂੰ ਸਾੜ ਫੂਕ ਦਿੱਤਾ ਸੀ ਤੇ ਪਟੌਦੀ ਸਹਿਰ ਵਿਚ ਸਿੱਖ ਸਰਦਾਰਾ ਦੀਆਂ ਫੈਕਟਰੀਆ ਨੂੰ ਭੀੜ ਨੇ ਜਲਾ ਕੇ ਲੁੱਟ ਪੁੱਟ ਲਿਆ ਸੀ। ਹੋਦ ਚਿੱਲੜ ਸਿੱਖ ਇਨਸਾਫ ਕਮੇਟੀ ਨੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ 26/04/2019 ਨੂੰ ਰਿੱਟ ਨੰ: 10904 ਮੁਦੱਈ ਸੰਤੋਖ ਸਿੰਘ ਸਾਹਨੀ ਗੁੜਗਾਓੁ ਤੇ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਗਗਨਪ੍ਰਦੀਪ ਸਿੰਘ ਬੱਲ ਰਾਹੀ ਹਾਈਕੋਰਟ ਵਿਚ 133 ਪਟੀਸਨਰਾਂ ਦਾਇਰ ਕੀਤੀਆ, ਜਿਸ ਦੀ ਕੋਰਟ ਨੰ: 118 ਮਾਣਯੋਗ ਜੱਜ ਤੇਜਿੰਦਰ ਸਿੰਘ ਢੀਡਸਾਂ ਦੀ ਅਦਾਲਤ ਵਿਚ ਸੁਣਵਾਈ ਸੀ। ਜੱਜ ਸਾਹਿਬ ਨੇ ਧਿਆਨ ਪੂਰਵਕ ਕੇਸ ਨੂੰ ਦੇਖਦੇ ਹੋਏ ਅਗਲੀ ਤਾਰੀਖ 11 ਸਤੰਬਰ ਤੇ ਪਾ ਦਿੱਤੀ। ਪਟੀਸਨਰ ਕਰਤਾ ਨੇ ਮੰਗ ਕੀਤੀ ਕਿ ਟੀ.ਪੀ. ਗਰਗ ਕਮਿਸਨ ਦੀ ਰਿਪੋਰਟ ਨੂੰ ਪਬਲਿਕ ਕੀਤਾ ਜਾਵੇ ਤੇ ਪੀੜਤਾਂ ਨੂੰ ਉਸ ਦੀ ਕਾਪੀ ਦਿੱਤੀ ਜਾਵੇ ਤੇ 34 ਸਾਲਾ ਦਾ ਮਿਸਰਤ ਵਿਆਜ 18% ਜੋੜਿਆ ਜਾਵੇ। ਮੁੜ ਸੁਣਵਾਈ ਕਰਕੇ ਪੁਰਾਣੇ ਤੇ ਨਵੇ ਕੇਸਾਂ ਨੂੰ ਇਨਸਾਫ ਤੇ ਮੁਆਵਜਾ ਦਿੱਤਾ ਜਾਵੇ। ਹੋਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ ਟੀ.ਪੀ.ਗਰਗ ਕਮਿਸਨ ਦੀ ਰਿਪੋਰਟ ਤੇ ਹਰਿਆਣਾ ਸਰਕਾਰ ਨੇ ਪੀੜਤਾਂ ਨੂੰ ਪਰ ਮੌਤ ਕੇਸ 20 ਲੱਖ, ਸਾਰੇ ਘਰਾਂ ਨੂੰ 5 ਲੱਖ ਅਤੇ 2 ਲੱਖ ਗੰਭੀਰ ਜਖਮੀਆ ਲਈ ਕੁੱਲ ਰਾਸ਼ੀ 10.5 ਕਰੋੜ ਵੰਡ ਦਿੱਤੇ ਹਨ । ਉਨ੍ਹਾ ਕਿਹਾ ਕਿ ਪੀੜ੍ਹਤਾ ਨੂੰ ਇਨਸਾਫ਼ ਤੇ ਨਿਆ ਦਿਵਾਉਣ ਲਈ ਕਾਨੂੰਨੀ ਚਾਰਾਜੋਈ ਰਾਹੀ ਆਪਣਾ ਸੰਘਰਸ ਉਦੋ ਤੱਕ ਜਾਰੀ ਰੱਖਣਗੇ, ਜਦੋਂ ਤੱਕ ਪੀੜ੍ਹਤਾ ਨੂੰ ਇਨਸਾਫ਼ ਨਹੀਂ ਮਿਲ ਜਾਦਾ। ਇਸ ਸਮੇਂ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਪੀੜਤ ਸੰਤੋਖ ਸਿੰਘ ਸਾਹਨੀ, ਜਰਨਲ ਸਕੱਤਰ ਗੁਰਜੀਤ ਸਿੰਘ ਪਟੌਦੀ ਆਦਿ ਵੀ ਹਾਜਰ ਸਨ।