ਭਾਈ ਲੌਂਗੋਵਾਲ ਦੇ ਹੁਕਮਾਂ ਅਨੁਸਾਰ ਗੁਰਦੁਆਰਾ ਹੱਟ ਸਾਹਿਬ ਦੀ ਕਾਰ ਸੇਵਾ ਮੁੜ ਆਰੰਭ ਕਰਵਾਈ

ਸੁਲਤਾਨਪੁਰ ਲੋਧੀ, 9 ਜੁਲਾਈ (ਮਲਕੀਤ ਕੌਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਤੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਪਿਛਲੇ ਤਿੰਨ ਮਹੀਨੇ ਤੋਂ ਬੰਦ ਪਈ ਇਤਿਹਾਸਕ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਦੀ ਕਾਰ ਸੇਵਾ ਅੱਜ ਮੁੜ ਆਰੰਭ ਕਰਵਾਈ ਗਈ ਹੈ । ਇਸ ਸਮੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ਼ਤਾਬਦੀ ਸ. ਸਕੱਤਰ ਸਿੰਘ , ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਰਿਆੜ , ਇੰਜੀਨੀਅਰ ਸਵਰਨ ਸਿੰਘ ਮੈਬਰ ਪੀ ਏ ਸੀ ਅਕਾਲੀ ਦਲ ,ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸੁਪਰਵਾਈਜਰ ਮੇਜਰ ਸਿੰਘ ਸੰਧੂ , ਸ਼੍ਰੋਮਣੀ ਕਮੇਟੀ ਇਮਾਰਤੀ ਵਿਭਾਗ ਦੇ ਐਸ ਡੀ ਓ ਜਤਿੰਦਰਪਾਲ ਸਿੰਘ ਤੇ ਸੁਖਜਿੰਦਰ ਸਿੰਘ ਐਸ ਡੀ ਓ ਨੇ ਉਚੇਚੇ ਤੌਰ ਤੇ ਪੁੱਜ ਕੇ ਬਾਬਾ ਭੂਰੀ ਵਾਲਿਆਂ ਨੂੰ ਕਾਰ ਸੇਵਾ ਆਰੰਭ ਕਰਨ ਲਈ ਲੋੜੀਂਦਾ ਸਾਰਾ ਸੀਮੈਂਟ , ਬਜਰੀ , ਸਰੀਆ ਆਦਿ ਇਮਾਰਤੀ ਮਟੀਰੀਅਲ ਤੁਰੰਤ ਦੇਣ ਦਾ ਵਿਸ਼ਵਾਸ਼ ਦਿਵਾਇਆ ਤਾਂ ਉਸੇ ਸਮੇ ਹੀ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਤੇ ਬਾਬਾ ਜਗਜੀਤ ਸਿੰਘ ਨੇ ਕਾਰ ਸੇਵਾ ਆਰੰਭ ਕਰਵਾ ਦਿੱਤੀ । ਬਾਬਾ ਸੁੱਖਾ ਨੇ ਇਸ ਸਮੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ ਗੁਰਦੁਆਰਾ ਹੱਟ ਸਾਹਿਬ ਦੇ ਮੁਹਰੇ ਬਣਾਈ ਕਾਰ ਪਾਰਕਿੰਗ ਤੇ ਗੁਰੂ ਨਾਨਕ ਨਿਵਾਸ ਸਰਾਂ ਨੂੰ ਮੁਕੰਮਲ ਕੀਤਾ ਜਾਵੇਗਾ ਅਤੇ ਗੁਰਦੁਆਰਾ ਹੱਟ ਸਾਹਿਬ ਕੰਪਲੈਕਸ ਚ ਐਲ ਟਾਈਪ ਸ਼ੇਪ ਵਿੱਚ ਬਣੀਆਂ ਦੁਕਾਨਾਂ ਤੇ ਬੇਸਮੈੰਟ ਉੱਪਰ ਸ਼ਾਨਦਾਰ ਕਮਰੇ ਤਿਆਰ ਕੀਤੇ ਜਾਣਗੇ । ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸ਼. ਸਤਨਾਮ ਸਿੰਘ ਰਿਆੜ ਨੇ ਹੋਰ ਜਾਣਕਾਰੀ ਦਿੰਦੇ ਹੋਏ
ਦੱਸਿਆ ਕਿ ਗੁਰਦੁਆਰਾ ਹੱਟ ਸਾਹਿਬ ਦੇ ਨਜਦੀਕ ਬਣੇ ਪੁਰਾਤਨ ਖੂਹ ਨੂੰ ਰਵਾਇਤੀ ਦਿੱਖ ਪ੍ਰਦਾਨ ਕਰਕੇ ਇਸ ਕਦਰ ਪ੍ਰਬੰਧ ਕੀਤਾ ਜਾਵੇਗਾ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਖੂਹ ਤੋਂ ਸੰਗਤਾਂ ਸ਼ੁੱਧ ਜਲ ਲੈ ਸਕਣ । ਮੀਤ ਸਕੱਤਰ ਸਕੱਤਰ ਸਿੰਘ ਤੇ ਮੇਜਰ ਸਿੰਘ ਸੰਧੂ ਨੇ ਬਾਬਾ ਭੂਰੀ ਵਾਲਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਹੁਣ ਇਮਾਰਤੀ ਮਟੀਰੀਅਲ ਦੀ ਕੋਈ ਕਮੀ ਨਹੀ ਰਹੇਗੀ ਤੇ ਨਾਲ ਨਾਲ ਕਾਰ ਸੇਵਾ ਕਾਰਜਾਂ ਦੀ ਸਮੀਖਿਆ ਮਾਹਿਰਾਂ ਵਲੋਂ ਕੀਤੀ ਜਾਵੇਗੀ ਤਾਂ ਜੋ ਬਿਨਾਂ ਕਿਸੇ ਰੋਕ ਸਾਰੇ ਕਾਰਜ ਸਮੇ ਸਿਰ ਮੁਕੰਮਲ ਹੋ ਸਕਣ । ਇਸ ਸਮੇ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਬਰ ਸ਼੍ਰੋਮਣੀ ਕਮੇਟੀ ਤੇ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਗੁਰਦੁਆਰਾ ਹੱਟ ਸਾਹਿਬ ਦੀ ਰੁਕੀ ਕਾਰ ਸੇਵਾ ਆਰੰਭ ਕਰਵਾਉਣ ਤੇ ਧੰਨਵਾਦ ਕੀਤਾ ਤੇ ਬਾਬਾ ਭੂਰੀ ਵਾਲਿਆਂ ਨੂੰ ਅਪੀਲ ਕੀਤੀ ਕਿ ਇਹ ਕਾਰਜ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤੇ ਜਾਣ ਤਾਂ ਜੋ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾਂ ਆਵੇ । ਇਸ ਸਮੇ ਬਾਬਾ ਜਗਜੀਤ ਸਿੰਘ ਭੂਰੀ ਵਾਲੇ , ਜਥੇ ਸਤਨਾਮ ਸਿੰਘ ਰਾਮੇ , ਬੀਬੀ ਬਲਜੀਤ ਕੌਰ ਕਮਾਲਪੁਰ ਸਾਬਕਾ ਮੈਂਬਰ ਬਲਾਕ ਸੰਮਤੀ , ਭਾਈ ਰਣਯੋਧ ਸਿੰਘ ਹੈਡ ਗ੍ਰੰਥੀ ਤੇ ਹੋਰਨਾਂ ਸ਼ਿਰਕਤ ਕੀਤੀ।

Send this to a friend