ਨਵੀਂ ਦਿੱਲੀ, 4 ਮਈ (ਪੀ.ਟੀ.)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਗਤੀਵਿਧੀਆਂ ਜਾਂ ਕੋਈ ਵੀ ਗਲਤ ਕੰਮ ਕਰਨ ਦੇ ਦੋਸ਼ ਲਗਦੇ ਹਨ ਤਾਂ ਉਹ ਦੂਸਰੇ ਲੋਕਾਂ ਦੀ ਤਰ੍ਹਾਂ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਗੇ ਚਾਹੇ ਉਹ ਪ੍ਰਧਾਨ ਮੰਤਰੀ ਹੀ ਕਿਉਂ ਨਾ ਬਣ ਜਾਣ। ਮੋਦੀ ਨੇ ਅੱਗੇ ਨੇ ਕਿਹਾ ਕਿ ਜੇ ਉਨ੍ਹਾਂ ਦੇ ਖਿਲਾਫ ਕੋਈ ਵੀ ਦੋਸ਼ ਹੁੰਦਾ ਹੈ ਤਾਂ ਉਨ੍ਹਾਂ ਦੇ ਖਿਲਾਫ ਜਾਂਚ ਚਲਣੀ ਚਾਹੀਦੀ ਹੈ ਅਤੇ ਮੋਦੀ ਨੂੰ ਸਾਰੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਕ ਮੁਲਾਕਾਤ ਦੌਰਾਨ ਕਿਹਾ ਕਿ ਨਰਿੰਦਰ ਮੋਦੀ ਕਾਨੂੰਨ ਤੋਂ ਉੱਪਰ ਨਹੀਂ ਹੈ। ਨਰਿੰਦਰ ਮੋਦੀ ਨੇ ਦੋਸ਼ ਲਗਾਇਆ ਕਿ ਉਹ ਪਿਛਲੇ 12 ਸਾਲ ਤੋਂ ਕੇਵਲ ਨਿੱਜੀ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੇ ਹੁਣ ਹਮਲੇ ਹੋਰ
ਤੇਜ਼ ਕਰ ਦਿੱਤੇ ਹਨ। ਪ੍ਰਿਅੰਕਾ ਗਾਂਧੀ ਦੇ ਹਮਲਿਆਂ ’ਤੇ ਉਨ੍ਹਾਂ ਨੇ ਕਿਹਾ ਕਿ ਪ੍ਰਿਅੰਕਾ ’ਤੇ ਹਮਲੇ ਕਰਨਾ ਉਨ੍ਹਾਂ ਦੇ ਲਈ ਉਚਿਤ ਨਹੀਂ ਹੋਵੇਗਾ। ਕਿਉਂਕਿ ਪ੍ਰਿਅੰਕਾ ਸਿਆਸਤ ਵਿਚ ਨਹੀਂ ਹੈ ਅਤੇ ਸਿਆਸੀ ਹਮਲਿਆਂ ’ਚ ਪਰਿਵਾਰ ਨੂੰ ਨਹੀਂ ਲਿਆਉਣਾ ਚਾਹੀਦਾ।