ਲਗਭਗ ਕੋਈ 39-40 ਸਾਲ ਪਹਿਲਾਂ ਦੀਆਂ ਗੱਲਾਂ ਹਨ। ਉਦੋਂ ਮੈਂ ਸਰਕਾਰੀ ਹਾਈ ਸਕੂਲ ਭਗਵੰਤਪੁਰ ਵਿੱਚ 8ਵੀਂ ਜਮਾਤ ਵਿੱਚ ਪੜ੍ਹਦਾ ਸੀ। ਘਰ ਵਿੱਚ ਕੋਈ ਵੀ ਮੈਂਬਰ ਪੜਿਆ ਲਿਖਿਆ ਨਹੀਂ ਸੀ। ਮੈਥੋ ਵੱਡਾ ਭਰਾ ਇੱਕ ਦੋ ਜਮਾਤਾਂ ਅੱਗੇ ਸੀ ਪਿਤਾ ਜੀ ਆਰਮੀ ਵਿੱਚੋਂ 5 ਸਾਲ ਨੌਕਰੀ ਕਰਕੇ ਮੈਡੀਕਲ ਬੋਰਡ ਦੀ ਨਿਗੂਣੀ ਜਿਹੀ ਪੈਨਸ਼ਨ ਲੈ ਰਹੇ ਸਨ। ਘਰ ਵਿੱਚ 6 ਭੈਣ-ਭਰਾ ਹੋਣ ਕਾਰਨ ਘਰ ਦੀ ਆਰਥਿਕ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਸੀ। ਫ਼ੌਜੀ ਪੈਨਸ਼ਨ ਆਉਣ ਤੋਂ ਬਾਅਦ ਪਿਤਾ ਜੀ ਨੇ ਸਿੰਚਾਈ ਵਿਭਾਗ ਵਿੱਚ ਛੋਟੀ ਜਿਹੀ ਨੌਕਰੀ ਲੈ ਲਈ ਸੀ। ਆਪ ਪਿਤਾ ਜੀ ਪੁਰਾਣੇ ਜ਼ਮਾਨੇ ਦੀਆਂ ਦੋ ਜ਼ਮਾਤਾ ਹੀ ਪੜ੍ਹੇ ਹੋਏ ਸਨ, ਐਨੇ ਥੋੜੇ ਪੈਸਿਆਂ ਨਾਲ 6 ਬੱਚਿਆਂ ਦੀ ਰੋਜ਼ੀ ਰੋਟੀ ਚਲਾਉਣੀ ਬੜੀ ਔਖੀ ਸੀ ਪਰ ਪੜਾਈ ਲਿਖਾਈ ਤਾਂ ਦੂਰ ਦੀ ਗੱਲ, ਬੇਬੇ ਇੱਕ ਦੋ ਮੱਝਾਂ ਜ਼ਰੂਰ ਰੱਖਦੀ ਸੀ ਕਿਉਂਕਿ ਘਰ ਦਾ ਦੁੱਧ ਹੋ ਜਾਂਦਾ ਸੀ, ਨਾਲੇ ਬਹਾਨੇ ਨਾਲ ਸਾਰਾ ਟੱਬਰ ਡੰਗਰਾਂ ਦੇ ਕੰਮ ਵਿੱਚ ਰੁੱਝਿਆ ਰਹਿੰਦਾ ਸੀ। ਆਮ ਤੌਰ ‘ਤੇ ਪਿੰਡ ਵਿੱਚ ਖੇਤੀਬਾੜੀ ਦੇ ਕੰਮ ‘ਤੇ ਹੀ ਨਿਰਭਰ ਰਹਿਣਾ ਪੈਂਦਾ ਸੀ। ਮੇਰੇ ਬਾਪੂ ਜੀ ਜਦੋਂ ਅਸੀਂ ਖੇਤ ਵਿੱਚ ਕੰਮ ਕਰਦੇ ਤਾਂ ਇੱਕੋ ਗੱਲ ‘ਤੇ ਜ਼ੋਰ ਦਿੰਦੇ ਸਨ। ਕਿ ਬਈ ਪੜਲੋ ਜੇਕਰ ਪੜਾਈ ਨਾ ਕਰੀ ਤਾਂ ਇਸੇ ਤਰਾ ਖੇਤ ਵਿੱਚ ਮਜ਼ਦੂਰੀ ਕਰਨੀ ਪੈਣੀ। ਮੈਂ ਆਮ ਤੌਰ ‘ਤੇ ਤਿਮਾਹੀ ਛਿਮਾਹੀ ਦੇ ਪੇਪਰਾਂ ਵਿੱਚ ਅੱਧ-ਪਛੱਤਾ ਹੀ ਪਾਸ ਹੁੰਦਾ ਸੀ। ਲਗਭਗ ਇਹੋ ਹਾਲ ਮੈਥੋ ਵੱਡੇ ਭਰਾ ਦਾ ਸੀ। ਬਾਕੀ ਵੱਡੇ ਭੈਣ-ਭਰਾ ਪੜਾਈ ਅੱਧ ਵਿਚਾਲੇ ਹੀ ਛੱਡ ਚੁੱਕੇ ਸਨ। ਜਦੋਂ ਵੀ ਕਿਤੇ ਬਾਪੂ ਜੀ ਨੇ ਮੇਰਾ ਅਤੇ ਮੇਰੇ ਵੱਡੇ ਭਰਾ ਦੇ ਪੇਪਰਾਂ ਦੇ ਨੰਬਰਾ ਦਾ ਪਤਾ ਲੱਗਦਾ ਇਕਦਮ ਲੋਹੇ ਲਾਖੇ ਹੋ ਜਾਂਦੇ ਅਤੇ ਗੁੱਸੇ ਵਿੱਚ ਕਈ ਵਾਰ ਗਾਲ੍ਹਾਂ ਦੀ ਵਾਛੜ ਵੀ ਹੋ ਜਾਂਦੀ ਅਤੇ ਕਹਿੰਦੇ, ‘ਸਾਲਿਓ ਗਧਿਓ’ ਪੜ੍ਹ ਲੋ ਨਹੀਂ ਤਾਂ ਭੀਖ ਮੰਗਣੀ ਪੈ ਜੂ, ਰੋਟੀ ਕਿੱਥੋਂ ਖਾਓਗੇ। ਆਮਤੌਰ ‘ਤੇ ਬਾਪੂ ਜੀ ਇਲਾਕੇ ਵਿੱਚ ਪੜ੍ਹੇ ਲਿਖੇ ਨੌਕਰੀਆਂ ‘ਤੇ ਲੱਗੇ ਹੋਏ ਬੰਦਿਆਂ ਦੀਆਂ ਉਦਹਾਰਣਾਂ ਵੀ ਦਿੰਦੇ ਰਹਿੰਦੇ ਸਨ। ਕਿ ਫਲਾਣੇ ਦਾ ਮੁੰਡਾ ਫਲਾਣੇ ਮਹਿਕਮੇ ਵਿੱਚ ਵੱਡਾ ਅਫ਼ਸਰ ਬਣ ਗਿਆ ਹੈ। ਤੁਸੀਂ ਕੰਜਰੋ ਪੜ੍ਹਦੇ ਨਹੀਂ, ਆਹ ਬੀਰੀ ਸਾਲਾ ਕਈ ਵਾਰ ਫੇਲ੍ਹ ਹੋ ਗਿਆ, ਬੱਚੂ ਪੜ੍ਹਾ ਕੇ ਛੱਡੂ ਨਹੀਂ ਤਾਂ ਘਰ ਤੋਂ ਬਾਹਰ ਕੱਢਦੂ।
ਇੱਕ ਵਾਰ ਦੀ ਗੱਲ ਹੈ ਕਿ ਮੈਂ ਦਸੰਬਰ ਦੇ ਪੇਪਰਾਂ ਤੋਂ ਬਾਅਦ ਕਈ ਦਿਨ ਸਕੂਲ ਨਹੀਂ ਗਿਆ ਕਿਉਂਕਿ 3 ਪੇਪਰਾਂ, ਮੈਥ, ਅੰਗਰੇਜੀ ਅਤੇ ਸਾਇੰਸ ਵਿੱਚ ਮੈਂ ਫੇਲ੍ਹ ਹੋ ਗਿਆ ਸੀ। ਜਿਹੜੇ ਪੇਪਰਾਂ ਵਿੱਚ ਮੈਂ ਪਾਸ ਹੋਇਆ ਉਹਨਾਂ ਵਿੱਚ ਪਾਸ ਮਾਰਕ ਹੀ ਆਏ ਸਨ। ਮੈਂ ਘਰ ਵੀ ਨਹੀਂ ਦੱਸਿਆ ਕਿ ਕੀ ਨਤੀਜਾ ਆਇਆ ਤੇ ਜਦੋਂ ਮੈਂ ਕਈ ਦਿਨ ਸਕੂਲ ਨਹੀਂ ਗਿਆ ਤਾਂ ਉਸ ਵੇਲੇ ਦੇ ਮੇਰੀ ਜਮਾਤ ਦੇ ਇਨਚਾਰਜ ਮਾਸਟਰ ਜਤਿੰਦਰ ਜੈਨ ਨੇ ਮੇਰਾ ਨਾਂਅ ਕੱਟ ਦਿੱਤਾ। ਉਸ ਤੋਂ ਕਈ ਦਿਨ ਬਾਅਦ ਜਦੋਂ ਮੈਂ ਸਕੂਲ ਗਿਆ ਤਾਂ ਮਾਸਟਰ ਜੀ ਨੇ ਮੈਨੂੰ ਕੱਲ੍ਹ ਨੂੰ ਆਪਣੇ ਪਿਤਾ ਜੀ ਨੂੰ ਸਕੂਲ ਨਾਲ ਲੈ ਕੇ ਆਉਣ ਦਾ ਆਦੇਸ਼ ਦਿੱਤਾ। ਮੈਂ ਛੁੱਟੀ ਹੋਣ ਤੋਂ ਬਾਅਦ ਘਰ ਆਇਆ, ਸ਼ਾਮ ਨੂੰ ਬੇਬੇ ਨੂੰ ਡਰਦਿਆਂ-ਡਰਦਿਆਂ ਕਿਹਾ ਕਿ ਬਾਪੂ ਜੀ ਨੂੰ ਕੱਲ੍ਹ ਨੂੰ ਸਕੂਲ ਵਿੱਚ ਮਾਸਟਰ ਜੀ ਨੇ ਬੁਲਾਇਆ। ਬੇਬੇ ਨੇ ਅੱਗੇ ਗੱਲ ਬਾਪੂ ਜੀ ਨੂੰ ਦੱਸ ਦਿੱਤੀ। ਬਾਪੂ ਜੀ ਕਹਿੰਦੇ ਕੀ ਹਾਲ ਏ ਤੇਰਾ ਕੀ ਕੰਮ ਹੈ ਕੱਲ੍ਹ ਨੂੰ ਸਕੂਲ ਵਿੱਚ, ਮੈਂ ਚੁੱਪ ਰਿਹਾ ਅਤੇ ਸ਼ਾਮ ਦੇ ਟਾਇਮ ਬੇਬੇ ਨਾਲ ਡੰਗਰਾਂ ਦੇ ਕੱਖ-ਕੰਡਾ ਕਰਨ ਵਿੱਚ ਰੁੱਝ ਗਿਆ। ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਹੋ ਰਹੀ ਸੀ। ਪ੍ਰਾਰਥਨਾ ਹੋਣ ਤੋਂ ਬਾਅਦ ਮੈਂ ਬਾਪੂ ਜੀ ਨੂੰ ਮਾਸਟਰ ਜਤਿੰਦਰ ਜੈਨ ਨੂੰ ਮਿਲਾਇਆ। ਮਾਸਟਰ ਜੀ ਨੇ ਬਾਪੂ ਜੀ ਨੂੰ ਕਿਹਾ, ਇਹ ਮੰਡਾ ਕਈ ਦਿਨਾਂ ਤੋਂ ਸਕੂਲ ਨਹੀਂ ਆਇਆ, ਕੀ ਗੱਲ ਸਰਦਾਰ ਜੀ, ਪੜ੍ਹਾਉਣਾ ਨਹੀਂ, ਨਾਲੇ ਹੁਣੇ-ਹੁਣੇ ਹੋ ਚੁੱਕੇ ਦਸੰਬਰ ਟੈਸਟਾਂ ਵਿੱਚ ਲਗਭਗ ਸਾਰੇ ਪੇਪਰਾਂ ਵਿੱਚ ਹੀ ਫੇਲ੍ਹ ਹੈ। ਜਦੋਂ ਬਾਪੂ ਜੀ ਨੇ ਇਹ ਸੁਣੀ ਤਾਂ ਮੇਰੇ ਬਾਪੂ ਜੀ ਨੇ ਮੇਰੇ ਮੂੰਹ ‘ਤੇ ਦੋ ਤਿੰਨ ਚਪੇੜਾਂ ਜੜ੍ਹੀਆਂ ਅਤੇ ਗਾਲ੍ਹਾਂ ਦੀ ਵਾਛੜ ਲਾ ਦਿੱਤੀ ਅਤੇ ਮੇਰੇ ਹੋਸ਼ ਗੁੰਮ ਹੋ ਗਏ। ਰਹਿੰਦੀ ਖ਼ੂੰਹਦੀ ਕਸਰ ਬਾਅਦ ਵਿੱਚ ਮਾਸਟਰ ਜਤਿੰਦਰ ਜੈਨ ਨੇ ਡੰਡਾ ਫੇਰ ਕੇ ਕੱਢ ਦਿੱਤੀ। ਉਸ ਦਿਨ ਤੋਂ ਮੈਂ ਤੋਬਾ ਕੀਤੀ ਆਪਣੇ ਆਪ ਨੂੰ ਸਮਝਾਇਆ ਜਾਂ ਤਾਂ ਪੜ੍ਹ ਲੈ ਜਾਂ ਸਕੂਲ ਛੱਡ ਪਰ ਮੈਂ ਸਕੂਲ ਨਹੀਂ ਛੱਡ ਸਕਦਾ ਸੀ। ਕਿਉਂਕਿ ਮੈਥੋਂ ਪਹਿਲਾਂ ਜਿਹਨਾਂ ਬੱਚਿਆਂ ਨੇ ਅੱਠਵੀਆਂ ਨੋਵੀਆਂ ਜਮਾਤਾਂ ਵਿੱਚ ਸਕੂਲ ਛੱਡਿਆ ਸੀ ਉਹ ਬੁਰੀ ਸੰਗਤ ਵਿੱਚ ਪੈ ਚੁੱਕੇ ਸਨ ਅਤੇ ਦਿਹਾੜੀਆਂ ਕਰਦੇ ਸਨ। ਪਰ ਉਹਨਾਂ ਨੂੰ ਦੇਖਣ ਤੋਂ ਬਾਅਦ ਅਤੇ ਬਾਪੂ ਜੀ ਦੀਆਂ ਚਪੇੜਾਂ ਅਤੇ ਗਾਲ੍ਹਾਂ ਨੇ ਮੈਨੂੰ ਡੱਟ ਕੇ ਪੜ੍ਹਾਈ ਕਰਨ ਦੀ ਸੇਧ ਦਿੱਤੀ ਮੈਂ ਲਗਾਤਾਰ ਡੱਟ ਕੇ ਦਿਨ ਰਾਤ ਕਰਕੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਜਮਾਤ ਦਾ ਸਾਲਾਨਾ ਰਿਜ਼ਲਟ ਆਇਆ ਤਾਂ ਮੈਂ ਦੱਸਵੀਂ ਵਿੱਚ ਮੈਥ, ਸਾਇੰਸ ਅਤੇ ਹੋਰ ਵਿਸ਼ਿਆਂ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਇਆ ਅਤੇ ਉੱਚੇਰੀ ਪੜ੍ਹਾਈ ਲਈ ਸ਼ਹਿਰ ਕਾਲਜ ਵਿੱਚ ਜਾ ਵੜ੍ਹਿਆ, ਫੇਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਬਾਪੂ ਜੀ ਦੀਆਂ ਗਾਲ੍ਹਾਂ ਅਤੇ ਚਪੇੜਾਂ ਸਦਕਾ ਅੱਜ ਮੈਂ ਚੰਡੀਗੜ੍ਹ ਵਿੱਚ ਬਤੌਰ ਸਕੂਲ ਲੈਕਚਰਾਰ ਬੱਚਿਆਂ ਨੂੰ ਗਿਆਨ ਵੰਡ ਰਿਹਾ ਹਾਂ।