June 1, 2026 8:02 am

ਚੋਣ ਕਮਿਸ਼ਨ ’ਚ ਹਿੰਮਤ ਹੈ ਤਾਂ ਮੇਰੇ ਵਿਰੁੱਧ ਕਾਰਵਾਈ ਕਰੇ : ਮੋਦੀ

image ਆਸਨਸੋਲ (ਪੱਛਮੀ ਬੰਗਾਲ), 4 ਮਈ (ਪੀ.ਟੀ.ਬਿਊਰੋ)-ਪੱਛਮੀ ਬੰਗਾਲ, ਬਿਹਾਰ ਤੇ ਪੱਛਮੀ ਉਤਰ ਪ੍ਰਦੇਸ਼ ਵਿਚ ਬੂਥਾਂ ਉਪਰ ਹੇਰਾਫਰੀ ਹੋਣ ਦੀ ਸ਼ਿਕਾਇਤ ਕਰਦਿਆਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁੱਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਚੋਣ ਕਮਿਸ਼ਨ ਨਿਰਪੱਖਤਾ ਨਾਲ ਕਾਰਵਾਈ ਨਹੀਂ ਕਰ ਰਿਹਾ। ਮੋਦੀ ਨੇ ਚੋਣ ਕਮਿਸ਼ਨ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਸ ਵਿਚ ਹਿੰਮਤ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕਰੇ। ਮੋਦੀ ਨੇ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘‘ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ। ਤੁਹਾਡਾ ਇਰਾਦਾ ਕੀ ਹੈ। ਜੇਕਰ ਜੋ ਕੁਝ ਮੈਂ ਹੁਣ ਕਹਿ ਰਿਹਾ ਹਾਂ ਇਸ ਤੋਂ ਤੁਸੀਂ ਠੀਕ ਮਹਿਸੂਸ ਨਹੀਂ ਕਰ ਰਹੇ ਹੋ ਤਾਂ ਮੇਰੇ ਵਿਰੁੱਧ ਇਕ ਹੋਰ ਕੇਸ ਦਰਜ ਕਰਨ ਲਈ ਤੁਸੀਂ ਅਜ਼ਾਦ ਹੋ। 

ਚੋਣ ਕਮਿਸ਼ਨ ਉਪਰ ਕਾਰਵਾਈ ਕਰਨ ’ਚ ਅਸਫਲ ਰਹਿਣ ਦਾ ਦੋਸ਼ ਲਾਉਂਦਿਆਂ ਮੋਦੀ ਨੇ ਕਿਹਾ ਕਿ ‘‘ਨਿਰਪਖ ਚੋਣਾਂ ਕਰਵਾਉਣਾ ਤੁਹਾਡੀ ਜਿੰਮੇਵਾਰੀ ਹੈ। ਮੈਂ ਬਹੁਤ ਗੰਭੀਰ ਦੋਸ਼ ਲਾ ਰਿਹਾ ਹਾਂ।’’ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ, ਬਿਹਾਰ ਤੇ ਪੱਛਮੀ ਉਤਰ ਪ੍ਰਦੇਸ਼ ਵਿਚ ਚੋਣ ਹਿੰਸਾ ਤੇ ਬੂਥਾਂ ਉਪਰ ਹੇਰਾਫੇਰੀ ਹੋਈ ਹੈ ਤੇ ਤੁਸੀਂ ਚੋਣ ਹਿੰਸਾ ਤੇ ਹੇਰਾਫੇਰੀ ਰੋਕਣ ਵਿਚ ਨਾਕਾਮ ਰਹੇ ਹੋ ਜਦ ਕਿ ਸਾਡੇ ਉਮੀਦਵਾਰ ਬਾਬੁਲ ਸੁਪਰੀਯੋ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਹੈ। ਮੋਦੀ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਕੰਮ ਲੋਕਾਂ ਦੀ ਰੱਖਿਆ ਕਰਨਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਜਿੰਮੇਵਾਰੀ ਠੀਕ ਢੰਗ ਨਾਲ ਨਿਭਾਓ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਕੋਲ ਸਾਰੀ ਸਰਕਾਰੀ ਮਸ਼ੀਨਰੀ ਹੈ ਤੇ ਉਸ ਕੋਲ ਪ੍ਰਧਾਨ ਮੰਤਰੀ ਨਾਲੋਂ ਵੀ ਵਧ ਤਾਕਤਾਂ ਹਨ।

Send this to a friend