May 25, 2026 2:22 pm

ਸ. ਮਜੀਠੀਆ ਵਿਵਾਦਾਂ ਦੇ ਬਾਵਜੂਦ ਮਜ਼ਬੂਤ ਆਗੂ ਵੱਜੋਂ ਉੱਭਰੇ ਵਿਰੋਧੀ ਸਿਆਸੀ ਤਾਕਤਾਂ ਵੱਲੋਂ ਘੇਰਣ ਦੇ ਸਾਰੇ ਯਤਨ ਅਸਫ਼ਲ

ਪਰਨੀਤ ਬਰਾੜ
ਕਾਰਜਕਾਰੀ ਸੰਪਾਦਕ

image ਜਲੰਧਰ, 4 ਮਈ-ਪੰਜਾਬ ਦੇ ਕੈਬਨਿਟ ਮੰਤਰੀ ਅਤੇ ਚਰਚਿੱਤ ਯੂਥ ਅਕਾਲੀ ਆਗੂ ਸ. ਬਿਕਰਮ ਸਿੰਘ ਮਜੀਠੀਆ ਸਿਆਸੀ ਅਤੇ ਧਰਮ ਵਿਵਾਦਾਂ ਦੇ ਬਾਵਜੂਦ ਇਕ ਮਜ਼ਬੂਤ ਸਿਆਸੀ ਆਗੂ ਵੱਜੋਂ ਉਭਰ ਆਏ ਹਨ। ਦਿਲਚਸਪ ਗੱਲ ਇਹ ਹੈ ਕਿ ਇੰਨ੍ਹਾ ਵਿਵਾਦਾਂ ਦਾ ਉਨ੍ਹਾਂ ਦੇ ਰਾਜਸੀ ਕੱਦ ਉੱਪਰ ਕੋਈ ਵੱਡਾ ਅਸਰ ਨਹੀਂ ਪਿਆ, ਸਗੋਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ’ਚ ਇੱਕ ਧੜੱਲੇਦਾਰ ਆਗੂ ਦੀ ਸਾਖ ਬਣਾ ਲਈ ਹੈ। ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਕਈ ਧਾਰਮਿਕ ਅਤੇ ਸਿਆਸੀ ਸਬਕ ਸਿਖੇ ਹਨ। ਇਸ ਦੇ ਅਧਾਰ ਉੱਪਰ ਹੀ ਉਹ ਭਵਿੱਖ ਦੀ ਰਣਨੀਤੀ ਬਣਾ ਰਹੇ ਹਨ।  ਉਨ੍ਹਾਂ ਵਿੱਚ ਆਤਮਵਿਸ਼ਵਾਸ ਦੀ ਕੋਈ ਕਮੀ ਨਹੀਂ ਹੈ। ਦੂਸਰੇ ਅਕਾਲੀ ਅਤੇ ਕਾਂਗਰਸੀ ਨੇਤਾਵਾਂ ਦੇ ਮੁਕਾਬਲੇ ਸ. ਮਜੀਠੀਆ ਨੇ ਬਹੁਤ ਨਿਮਰਤਾ ਅਤੇ ਠਰੰਮੇ ਨਾਲ ਸਥਿਤੀਆਂ ਦਾ ਟਾਕਰਾਂ ਕੀਤਾ ਹੈ।

ਧਾਰਮਿਕ ਅਵੱਗਿਆ ਦੇ ਮਾਮਲੇ ’ਚ ਉਨ੍ਹਾਂ ਵੱਲੋਂ ਲਈ ਗਈ ਪਹਿਲਕਦਮੀ ਦੀ ਸੰਗਤ ਵਿੱਚ ਭਾਰੀ ਪ੍ਰਸ਼ਸਾਂ ਹੋ ਰਹੀ ਹੈ। 
ਧਾਰਮਿਕ ਅਵੱਗਿਆ ਦੇ ਮਾਮਲੇ ’ਚ ਸ. ਮਜੀਠੀਆ ਨੇ ਸਮੇਂ ਸਿਰ ਜਨਤਕ ਤੌਰ ’ਤੇ ਪਸ਼ਚਾਤਾਪ ਕਰਕੇ ਸਥਿਤੀ ਨੂੰ ਸੰਭਾਲ ਲਿਆ।  ਇਕ ਨਿਮਾਣੇ ਸਿੱਖ ਵੱਜੋ  ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪੂਰੀ ਤਰ੍ਹਾਂ  ਪਾਲਣਾ ਕਰਕੇ ਉਨ੍ਹਾਂ ਆਪਣੇ ਨਿਜੀ ਅਤੇ ਸਿਆਸੀ ਪ੍ਰਭਾਵ ਨੂੰ ਵੱਧਾ ਲਿਆ ਹੈ।  ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਕੀਤੀ ਗਈ ਅਣਥਕ ਮਿਹਨਤ ਦੀ ਵੀ ਅਕਾਲੀ-ਭਾਜਪਾ ਗਠਜੋੜ ਵਿੱਚ ਸਭ ਪਾਸਿਓ ਪ੍ਰਸ਼ੰਸਾ ਹੋ ਰਹੀ ਹੈ। ਜੇਕਰ ਅਕਾਲੀ-ਭਾਜਪਾ ਗਠਜੋੜ ਅੰਮ੍ਰਿਤਸਰ ਸੀਟ ਜਿੱਤ ਲੈਂਦਾ ਹੈ ਤਾਂ ਇਸ ਦਾ ਸਭ ਤੋਂ ਵੱਧ ਲਾਹਾ ਸ. ਮਜੀਠੀਆ ਨੂੰ ਹੀ ਮਿਲੇਗਾ। ਬਿਨਾਂ ਸ਼ੱਕ ਦੂਸਰੀਆਂ ਕਈ ਸੀਟਾਂ ਜਿਨ੍ਹਾਂ ਵਿੱਚ ਬਠਿੰਡਾ, ਲੁਧਿਆਣਾ, ਗੁਰਦਾਸਪੁਰ ਅਤੇ ਖਡੂਰ-ਸਾਹਿਬ ਸ਼ਾਮਿਲ ਹਨ ’ਚ ਸ. ਮਜੀਠੀਆ ਨੇ ਸਭ ਤੋਂ ਵੱਧ ਮਿਹਨਤ ਕੀਤੀ ਹੈ।   ਬੇਸ਼ਕ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਸ਼ਕਤੀਆਂ ਸ. ਮਜੀਠੀਆ ਨੂੰ ਨਿਸ਼ਾਨਾ ਬਣਾ ਕੇ ਆਪਣੀ ਸਿਆਸਤ ਕਰਨ ਵਿੱਚ ਲਗੀਆਂ ਰਹੀਆਂ ਪ੍ਰੰਤੂ ਲੋਕ ਸਭਾ ਚੋਣਾਂ ’ਚ ਉਨ੍ਹਾਂ ਦੇ ਸਾਰੇ ਵਿਰੋਧੀਆਂ ਨੂੰ ਪੱਸਤ ਹੋਣਾ ਪਿਆ ਹੈ।
ਲੋਕ ਸਭਾ ਚੋਣਾਂ ਵਿੱਚ ਜ਼ੋਰਦਾਰ ਮੁੰਹਿਮ ਚਲਾ ਕੇ ਸ. ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਚੋਟੀ ਦੇ ਨੇਤਾਵਾਂ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੇ ਅਕਾਲੀ ਦਲ ਦੇ ਦੂਜੇ ਸਾਰੇ ਨੇਤਾਵਾਂ ਦੇ ਮੁਕਾਬਲੇ ਵੱਡੀਆਂ ਚੋਣ ਰੈਲੀਆਂ ਕਰਕੇ ਅਕਾਲੀ-ਭਾਜਪਾ ਲੀਡਰਸ਼ਿਪ ਵਿੱਚ ਧਾਂਕ ਜਮ੍ਹਾਂ ਲਈ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਵਿੱਚ ਉਨ੍ਹਾਂ ਦੀ ਅਹਿਮੀਅਤ ਵੀ ਦਿਨੋਂ ਦਿਨ ਵੱਧ ਰਹੀ ਹੈ। ਉਨ੍ਹਾਂ ਦੀ ਸਿਆਸੀ ਅਤੇ ਪਰਿਵਾਰਕ ਹੈਸੀਅਤ ਦਾ ਇਸ ਗੱਲ ਤੋਂ ਵੀ ਪਤਾ ਲਗਦੀ ਹੈ ਕਿ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਧਰਮ-ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਆਪਣਾ ਕਵਰਿੰਗ ਉਮੀਦਵਾਰ ਬਣਾਇਆ।
ਸ. ਮਜੀਠੀਆ ਦੇ ਸਿਆਸੀ ਦਬਦਬੇ ਤੋਂ ਪੰਜਾਬ ਕਾਂਗਰਸ ਵੀ ਘਬਰਾਈ ਹੋਈ ਹੈ। ਇਸੇ ਕਾਰਨ ਹੀ ਚੋਣ ਕਮਿਸ਼ਨ ਕੋਲ ਸ. ਮਜੀਠੀਆ ਦੀਆਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਗਈਆ। ਸ. ਮਜੀਠੀਆ ਆਪਣੇ ਯਤਨਾਂ ਨਾਲ ਕਾਂਗਰਸ ਅੰਦਰ ਵੱਡਾ ਸੰਨ੍ਹ ਲਾਉਣ ਵਿੱਚ ਕਾਮਯਾਬ ਰਹੇ। ਉਨ੍ਹਾਂ ਨੇ ਅਕਾਲੀ ਦਲ ਦੇ ਰੁੱਸੇ ਨੇਤਾਵਾਂ ਨੂੰ ਵੀ ਮਨਾ ਕੇ ਮੁੱੜ ਪਾਰਟੀ ਸਫਾਂ ਵਿੱਚ ਲੈ ਆਂਦਾ। ਸ. ਮਨਜਿੰਦਰ ਸਿੰਘ ਕੰਗ ਦੀ ਪਾਰਟੀ ਵਿੱਚ ਵਾਪਸੀ ਉਨ੍ਹਾਂ ਦੀ ਵੱਡੀ ਪ੍ਰਾਪਤੀ ਆਖੀ ਜਾ ਸਕਦੀ ਹੈ। ਸਿਆਸੀ ਹਲਕਿਆਂ ਵਿੱਚ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ. ਮਜੀਠੀਆ ਸਰਕਾਰ ਅਤੇ ਪਾਰਟੀ ਵਿੱਚ ਵੱਡੀ ਭੂਮਿਕਾ ਲਈ ਤਿਆਰ ਹਨ।

Send this to a friend