May 28, 2026 2:05 am

ਜਲੰਧਰ ਦਿਹਾਤੀ ਪੁਲਿਸ ਵੱਲੋਂ ਪੰਜ ਕਰੋੜ ਦੀ ਹੈਰੋਇਨ ਸਣੇ ਲੜਕੀ ਸਮੇਤ 3 ਗ੍ਰਿਫ਼ਤਾਰ

ਜਲੰਧਰ, 29 ਜੂਨ (ਰਾਜੂ ਸੇਠ, ਹਰਪਾਲ ਸਿੰਘ ਬਾਜਵਾ)- ਸੀਆਈਏ ਜਲੰਧਰ ਦਿਹਾਤੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਲੜਕੀ ਸਮੇਤ ਤਿੰਨ ਜਾਣਿਆਂ ਨੂੰ ਗ੍ਰਿਫ਼ਤਾਰੂ ਕਰ ਕੇ ਉਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸ਼ਿਵ ਸ਼ਰਮਾ ਦੀ ਅਗਵਾਈ ਹੇਠ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਬੋਪਾਰਾਏ ਨਹਿਰ ਦੀ ਪੁਲੀ ਲਾਗੇ ਨਾਕਾਬੰਦੀ ਕੀਤੀ ਹੋਈ ਸੀ ਕਿ ਦਿੱਲੀ ਨੰਬਰ ਦੀ ਮਾਰੂਤੀ ਕਾਰ ਡੀ ਐੱਲ06 ਸੀ ਆਰ 3951 ਆਉਂਦੀ ਹੋਈ ਦਿਖਾਈ ਦਿੱਤੀ। ਜਦ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਇੱਕ ਨੌਜਵਾਨ ਦੇ ਹੱਥ ਵਿੱਚ ਫੜੇ ਕਿੱਟ ਬੈਗ ਵਿੱਚੋਂ ਅੱਠ ਸੌ ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਜਦ ਮਹਿਲਾ ਪੁਲਿਸ ਕਰਮਚਾਰੀ ਨੇ ਕਾਰ ਵਿੱਚ ਬੈਠੀ ਇੱਕ ਲੜਕੀ ਦੀ ਤਲਾਸ਼ੀ ਲਈ ਤਾਂ ਉਸ ਦੇ ਪਰਸ ਵਿੱਚੋਂ ਦੋ ਸੌ ਗ੍ਰਾਮ ਹੈਰੋਇਨ ਬਰਾਮਦ ਹੋਈ। ਜਦ ਕਿ ਗੱਡੀ ਚਲਾ ਰਹੇ ਡਰਾਈਵਰ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਰਾਮ ਜੀ ਲਾਲ ਵਾਸੀ ਕੇਵਲੀ ਰੋਡ ਥਾਣਾ ਨੇਬ ਸਰਾਏ ਨਵੀਂ ਦਿੱਲੀ, ਜੈਕਲੀਨ ਪਤਨੀ ਡੈਨੀਅਲ ਵਾਸੀ ਉੱਤਮ ਨਗਰ ਨਵੀਂ ਦਿੱਲੀ ਅਤੇ ਡਰਾਈਵਰ ਦੀ ਪਛਾਣ ਦਵਿੰਦਰ ਕੁਮਾਰ ਉਰਫ਼ ਗੌਰਵ ਵਾਸੀ ਪੁੱਤਰ ਗੇਂਦਾ ਰਾਮ ਵਾਸੀ ਤਰਲੋਕ ਪੁਰੀ ਨਵੀਂ ਦਿੱਲੀ ਦੇ ਰੂਪ ਵਿੱਚ ਹੋਈ ਹੈ, ਖ਼ਿਲਾਫ਼ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

Send this to a friend