May 28, 2026 2:03 am

ਸੁਨਾਮ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਵਿਖੇ ਪੰਚਾਇਤੀ ਜ਼ਮੀਨ ਨੂੰ ਲੈ ਕੇ ਹੋਈ ਖੂਨੀ ਝੜਪ ‘ਚ 4 ਗੰਭੀਰ ਜ਼ਖਮੀ

ਸੁਨਾਮ ਊਧਮ ਸਿੰਘ ਵਾਲਾ, 29 ਜੂਨ- ਨੇੜਲੇ ਪਿੰਡ ਦੌਲਾ ਸਿੰਘ ਵਾਲਾ ਵਿਖੇ ਪੰਚਾਇਤੀ ਜਮੀਨ ਨੂੰ ਸੱਤਾ ਧਿਰ ਤੋਂ ਦੂਜੀ ਧਿਰ ਤੋਂ ਵਾਧੂ ਬੋਲੀ ਦੇ ਕੇ ਠੇਕੇ ‘ਤੇ ਲਈ ਜਮੀਨ ਕਾਰਨ ਇੱਕ ਖੂਨੀ ਝੜੱਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਪ੍ਰਭਜੀਤ ਸਿੰਘ, ਹਰਿੰਦਰ ਸਿੰਘ, ਲਾਡੀ ਸਿੰਘ, ਰਾਜ ਸਿੰਘ ਦੇ ਪਰਿਵਾਰਕ ਮੈਂਬਰ ਗਿੱਲ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਵੱਲੋਂ ਠੇਕੇ ‘ਤੇ ਲਈ ਗਈ ਜਮੀਨ ਵਿੱਚ ਉਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕੰਮ ਕਰ ਰਹੇ ਸਨ ਤਾਂ ਅਚਾਨਕ ਦੋ ਦਰਜਨ ਤੋਂ ਵੱਧ ਵਿਅਕਤੀ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਚਾਰ ਵਿਅਕਤੀ ਗੰਭੀਰ ਜਖਮੀ ਹੋ ਗਏ ਹਨ ਅਤੇ ਕਈਆਂ ਨੂੰ ਹੋਰ ਵੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਹੋਂਡਾ ਸਿਟੀ ਕਾਰ ਅਤੇ ਮੋਟਰਸਾਈਕਲਾਂ ਨੂੰ ਵੀ ਭੰਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਾਲ ਉਨ੍ਹਾਂ ਪੰਚਾਇਤੀ ਜਮੀਨ ਦੇ 56 ਏਕੜ ਲਗਭਗ ਜਿਸ ਦੀ ਬੋਲੀ 50 ਲੱਖ ਰੁਪਏ ਵਿੱਚ ਸਲਾਨਾ ਠੇਕੇ ‘ਤੇ ਲਈ ਗਈ ਸੀ, ਪਰੰਤੂ ਇਸ ਜਮੀਨ ‘ਤੇ ਕਾਫੀ ਅਰਸੇ
ਤੋਂ ਰਸੂਖਦਾਰ ਅਤੇ ਸਿਆਸੀ ਧਿਰ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਭਗਵੰਤ ਸਿੰਘ ਪੱਪਨੀ ਅਤੇ ਉਨ੍ਹਾਂ ਦੇ ਸਾਥੀ ਘੱਟ ਰੇਟ ‘ਤੇ ਇਸ ਜਮੀਨ ਨੂੰ ਠੇਕੇ ‘ਤੇ ਲੈਂਦੇ ਆ ਰਹੇ ਸਨ ਅਤੇ ਉਹ ਇਸ ਜਮੀਨ ਨੂੰ ਕਿਸੇ ਹੋਰ ਵਿਅਕਤੀ ਨੂੰ ਠੇਕੇ ‘ਤੇ ਨਹੀਂ ਲੈਣ ਦੇਣਾ ਚਾਹੁੰਦੇ। ਗਿੱਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਦੀ ਭਲਾਈ ਲਈ ਇਸ ਜਮੀਨ ਦੀ ਬੋਲੀ ਦਿੱਤੀ ਗਈ ਅਤੇ ਉਹ ਜਮੀਨ ਦੇ ਠੇਕੇ ਦੀ ਅਦਾਇਗੀ ਵੀ ਕਰ ਚੁੱਕੇ ਹਨ ਅਤੇ ਉਹ ਇਸ ਜਮੀਨ ਵਿੱਚ ਖੇਤੀਬਾੜੀ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਜਮੀਨ ਦੇ ਕੁੱਝ ਹਿੱਸੇ ਦੀ ਨਿਸ਼ਾਨਦੇਹੀ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸਬੰਧਤ ਬਲਾਕ ਅਫਸਰ ਨੂੰ ਵੀ ਬੇਨਤੀ ਕਰ ਚੁੱਕੇ ਹਨ, ਪਰੰਤੂ ਸੱਤਾ ਧਿਰ ਦੇ ਦਬਾਅ ਕਾਰਨ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਨਿਸ਼ਾਨਦੇਹੀ ਨਾ ਕਰਵਾਉਣਾ ਕਈ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਕਿਸ ਦਬਾਅ ਕਾਰਨ ਇਹ ਨਿਸ਼ਾਨਦੇਹੀ ਨਹੀਂ ਕਰਵਾਈ ਗਈ। ਜਦੋਂ ਇਸ ਸਬੰਧੀ ਐਸ.ਐਚ.ਓ. ਧਰਮਗੜ੍ਹ ਹੀਰਾ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਜਖਮੀਆਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਦੋਂ ਹਸਪਤਾਲ ਵਿੱਚ ਦੂਜੀ ਧਿਰ ਦੇ ਵਿਅਕਤੀਆਂ ਦਾ ਪੱਖ ਜਾਣਨਾ ਚਾਹਿਆ ਤਾਂ ਉਹ ਤੈਸ਼ ਵਿੱਚ ਆ ਗਏ ਅਤੇ ਉਨ੍ਹਾਂ ਪੱਤਰਕਾਰਾਂ ਨਾਲ ਵੀ ਬਦਸਲੂਕੀ ਕੀਤੀ।

Send this to a friend