ਨਵੀਂ ਦਿੱਲੀ 2 ਮਈ (ਪੀ.ਟੀ.)-ਦਿੱਲੀ ਦੀ ਇਕ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ 2ਜੀ ਮਾਮਲੇ ਨਾਲ ਸਬੰਧਤ ਕਾਲੇ ਧਨ ਨੂੰ ਚਿੱਟਾ ਬਣਾਉਣ ਦੇ ਇਕ ਮਾਮਲੇ ’ਚ ਦਾਇਰ ਦੋਸ਼ ਪੱਤਰ ਉਪਰ ਕਾਰਵਾਈ ਕਰਦਿਆਂ ਸਾਬਕਾ ਟੈਲੀਕਾਮ ਮੰਤਰੀ ਏ.ਰਾਜਾ, ਡੀ.ਐਮ.ਕੇ ਸੰਸਦ ਮੈਂਬਰ ਕਨੀਮੋਝੀ ਤੇ 17 ਹੋਰਨਾਂ ਨੂੰ 26 ਮਈ ਨੂੰ ਤਲਬ ਕੀਤਾ ਹੈ। ਵਿਸ਼ੇਸ਼ ਸੀ.ਬੀ.ਆਈ ਜੱਜ ਓ.ਪੀ ਸੈਣੀ ਨੇ ਡੀ.ਐਮ.ਕੇ ਸੁਪਰੀਮੋ ਐਮ. ਕਰੁਨਾਨਿਧੀ ਦੀ ਪਤਨੀ ਦਯਾਲੂ ਅਮਾਲ ਸਮੇਤ ਸਾਰੇ ਦੋਸ਼ੀਆਂ ਨੂੰ ਅਦਾਲਤ ’ਚ ਹਾਜ਼ਰ ਹੋਣ ਲਈ ਕਿਹਾ ਹੈ। ਵਿਸ਼ੇਸ਼ ਜੱਜ ਨੇ ਕਿਹਾ ਹੈ ਕਿ ਦੋਸ਼ੀਆਂ ਵਿਰੁੱਧ ਸੁਣਵਾਈ ਲਈ ਕਾਫੀ ਸਮਗਰੀ ਮੌਜੂਦ ਹੈ ਤੇ ਉਹ ਇਸ ਸਮਗਰੀ ਤੋਂ ਸੰਤੁਸ਼ਟ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ 10
ਵਿਅਕਤੀਆਂ ਤੇ 9 ਕੰਪਨੀਆਂ ਸਮੇਤ 19 ਦੋਸ਼ੀਆਂ ਵਿਰੁੱਧ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਦੋਸ਼ ਪੱਤਰ ਦਾਇਰ ਕੀਤਾ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਾਜਾ, ਕਨੀਮੋਝੀ ਤੇ ਦਯਾਲੂ ਅਮਾਲ ਤੋਂ ਇਲਾਵਾ ਹੋਰ ਜਿਨ੍ਹਾਂ ਨੂੰ ਦੋਸ਼ੀ ਬਣਾਇਆ ਹੈ ਉਨ੍ਹਾਂ ’ਚ ਸਵੈਨ ਟੈਲੀਕਾਮ ਪ੍ਰਾਈਵੇਟ ਲਿਮਟਡ ਦੇ ਸੰਸਥਾਪਕ ਸ਼ਾਹਿਦ ਬਲਵਾ ਤੇ ਵਿਨੋਦ ਗੋਇਨਕਾ ਵੀ ਸ਼ਾਮਿਲ ਹਨ। ਕੁਸੇਗਾਉਂ ਫਰੂਟਸ ਐਂਡ ਵੈਜੀਟੇਬਲ ਪ੍ਰਾਈਵੇਟ ਲਿਮਟਡ ਦੇ ਡਾਇਰੈਕਟਰ ਆਸਿਫ ਬਲਵਾ ਤੇ ਰਾਜੀਵ ਅਗਰਵਾਲ, ਬਾਲੀਵੁੱਡ ਨਿਰਮਾਤਾ ਕਰੀਮ ਮੋਰਨੀ, ਪੀ ਅਮ੍ਰਿਤਮ ਤੇ ਕਾਲੈਗਨਰ ਟੀ.ਵੀ ਦੇ ਮੈਨੇਜਿੰਗ ਡਾਇਰੈਕਟਰ ਸ਼ਰਦ ਕੁਮਾਰ ਵੀ ਦੋਸ਼ੀਆਂ ਦੀ ਸੂਚੀ ’ਚ ਸ਼ਾਮਿਲ ਹਨ।