June 1, 2026 8:07 pm

ਕਾਲੇ ਧਨ ਵਾਲੇ ਬੈਂਕ ਖਾਤਿਆਂ ਦੀ ਸੂਚਨਾ ਸਾਂਝੀ ਕਰਨ ਲਈ ਭਾਰਤ ਨੇ ਸਵਿਟਜ਼ਰਲੈਂਡ ’ਤੇ ਵਧਾਇਆ ਦਬਾਅ

imageਨਵੀਂ ਦਿੱਲੀ, 2 ਮਈ (ਪੀ.ਟੀ.ਬਿਊਰੋ)-ਭਾਰਤ ਨੇ ਸਵਿਟਜ਼ਰਲੈਂਡ ਵਲੋਂ ਐਚ ਐਸ ਬੀ ਸੀ ਸਵਿਸ ਬੈਂਕ ਵਿਖੇ ਭਾਰਤ ਦੇ ਕਾਲੇ ਧਨ ਵਾਲੇ ਸ਼ੱਕੀ ਖਾਤਿਆਂ ਬਾਰੇ ਸੂਚਨਾ ਦੇਣ ਤੋਂ ਇਨਕਾਰ ਕਰਨ ’ਤੇ ਉਸ ਦੀ ਤਿੱਖੀ ਆਲੋਚਨਾ ਕੀਤੀ ਹੈ। ਇਨ੍ਹਾਂ ਖਾਤਿਆਂ ਦੇ ਮਾਮਲਿਆਂ ’ਚ ਭਾਰਤ ’ਚ ਕੀਤੀ ਗਈ ਜਾਂਚ ’ਚ ਕਰ ਚੋਰੀ ਦੇ ਅਪਰਾਧ ਵੱਲ ਸੰਕੇਤ ਕਰਨ ਵਾਲੇ ਸਬੂਤ ਮਿਲੇ ਹਨ। ਵਿਤ ਮੰਤਰੀ ਪੀ ਚਿਦੰਬਰਮ ਨੇ ਸਵਿਟਜ਼ਰਲੈਂਡ ਦੇ ਵਿਤ ਮੰਤਰੀ ਨੂੰ ਸਖਤ ਲਫ਼ਜਾਂ ’ਚ ਲਿਖੇ ਪੱਤਰ ’ਚ ਚਿਤਾਵਨੀ ਦਿੱਤੀ ਹੈ ਕਿ ਦੋਵਾਂ ਦੇਸ਼ਾਂ ਦੇ ਆਰਥਿਕ ਸਹਿਯੋਗ ਲਈ ਕਰ ਸਬੰਧੀ ਸੂਚਨਾ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਅਦਾਨ-ਪ੍ਰਦਾਨ ਹੋਣਾ ਬੇਹੱਦ ਜ਼ਰੂਰੀ ਹੈ। ਸ੍ਰੀ ਚਿਦੰਬਰਮ ਨੇ ਸਵਿਟਜ਼ਰਲੈਂਡ ਨੂੰ ਭਾਰਤ ਨਾਲ ਦੋਹਰੇ ਕਰ ਤੋਂ ਬਚਣ ਦੀ ਸੰਧੀ ’ਚ ਨਿਰਧਾਰਤ ਆਪਣੇ ‘ਅਧਿਕਾਰ ਤੇ ਕਰਤੱਵ ਦਾ ਮਾਣ ਰੱਖਣ ਲਈ ਕਿਹਾ ਹੈ। ਇਹ ਪਿਛਲੇ ਚਾਰ

ਮਹੀਨਿਆਂ ’ਚ ਸ੍ਰੀ ਚਿਦੰਬਰਮ ਵਲੋਂ ਵਿਤ ਮੰਤਰੀ ਇਵਲੀਨ ਵਿਡਮਰ ਸ਼ਕਲੰਪ ਨੂੰ ਲਿਖਿਆ ਗਿਆ ਤੀਸਰਾ ਪੱਤਰ ਹੈ। ਉਨ੍ਹਾਂ ਦੁਹਰਾਇਆ ਕਿ ਭਾਰਤ ਸਵਿਟਜ਼ਰਲੈਂਡ ’ਚ ਸੂਚਨਾਵਾਂ ਦੇ ਆਦਾਨ ਪ੍ਰਦਾਨ ਲਈ ਕਾਨੂੰਨੀ ਤੇ ਰੈਗੂਲੇਟਰੀ ਢਾਂਚੇ ਦੀ ਘਾਟ ਸਬੰਧੀ ਵਿਸ਼ਵ ਮੰਚ ’ਤੇ ਗੱਲ ਕਰਦਾ ਰਹੇਗਾ।
ਬੀਤੇ ਕੱਲ ਸੁਪਰੀਮ ਕੋਰਟ ਨੇ ਕੇਂਦਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਰਮਨੀ ਦੇ ਲਿਸ਼ਟੇਂਸਟਾਈਨ ਐਲ. ਐਸ. ਟੀ. ਬੈਂਕ ’ਚ ਕਾਲੇ ਧਨ ਦੇ ਮਾਮਲੇ ਦੀ ਜਾਂਚ ਸਬੰਧੀ ਸਾਰੇ ਦਸਤਾਵੇਜ਼ ਤੇ ਜਾਣਕਾਰੀ ਤਿੰਨ ਦਿਨਾਂ ਦੇ ਅੰਦਰ-ਅੰਦਰ ਉੱਘੇ ਵਕੀਲ ਰਾਮ ਜੇਠਮਲਾਨੀ ਤੇ ਹੋਰਾਂ ਨੂੰ, ਜਿਨ੍ਹਾਂ ਨੇ ਅਦਾਲਤ ਸਾਹਮਣੇ ਇਹ ਮੁੱਦਾ ਚੁੱਕਿਆ ਸੀ, ਨੂੰ ਮੁਹੱਈਆ ਕਰਾਵੇ। ਜਸਟਿਸ ਐਚ. ਐਲ. ਦੱਤੂ, ਰੰਜਨਾ ਪ੍ਰਕਾਸ਼ ਦੇਸਾਈ ਤੇ ਐਮ. ਬੀ. ਲੋਕੁਰ ਦੇ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਉਕਤ ਮਾਮਲਿਆਂ ਦੀ ਜਾਂਚ ਪੂਰੀ ਹੋ ਚੁੱਕੀ ਹੈ ਤੇ ਹੁਣ ਅਸੀਂ ਫਿਰ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੰਦੇ ਹਾਂ ਕਿ ਇਸ ਸਬੰਧੀ ਦਸਤਾਵੇਜ਼ ਤੇ ਜਾਣਕਾਰੀ, ਜੋ ਕਿ ਛੁਪਾ ਕਿ ਰੱਖੀ ਗਈ ਹੈ, ਅੱਜ ਤੋਂ ਤਿੰਨ ਦਿਨਾਂ ਦੇ ਅੰਦਰ-ਅੰਦਰ ਪਟੀਸ਼ਨਰਾਂ ਨੂੰ ਮੁਹੱਈਆ ਕਰਵਾਈ ਜਾਵੇ।  ਸੁਪਰੀਮ ਕੋਰਟ ਨੇ ਵਿਦੇਸ਼ਾਂ ’ਚ ਜਮ੍ਹਾਂ ਕਾਲੇ ਧਨ ਦੇ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਗਠਨ ਕੀਤਾ ਹੈ ਜਿਸ ਦੀ ਅਗਵਾਈ ਕਰਨ ਲਈ ਆਪਣੇ ਸੇਵਾ-ਮੁਕਤ ਜੱਜ ਐਮ. ਬੀ. ਸ਼ਾਹ ਨੂੰ ਚੇਅਰਮੈਨ ਜਦੋਂ ਕਿ ਅਰੀਜੀਤ ਪਸਾਈਤ ਨੂੰ ਉਪ ਚੇਅਰਮੈਨ ਨਿਯੁਕਤ ਕੀਤਾ।  ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕਰੀਬ 2 ਸਾਲਾਂ ਤੱਕ ਟਾਲ ਮਟੋਲ ਕਰਨ ਤੋਂ ਬਾਅਦ ਬੀਤੇ ਦਿਨ ਸੁਪਰੀਮ ਕੋਰਟ ਨੂੰ 18 ਵਿਅਕਤੀਆਂ ਦੇ ਨਾਵਾਂ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਕਥਿਤ ਰੂਪ ‘ਚ ਜਰਮਨੀ ਦੇ ਲਿਸ਼ਟੇਂਸਟਾਈਨ ’ਚ ਐੱਲ. ਐੱਸ. ਟੀ. ਬੈਂਕ ’ਚ ਕਾਲਾ ਧਨ ਜਮ੍ਹਾਂ ਕਰਵਾਇਆ ਹੋਇਆ ਸੀ ਅਤੇ ਜਿਨ੍ਹਾਂ ਦੇ ਿਖ਼ਲਾਫ਼ ਆਮਦਨ ਕਰ ਵਿਭਾਗ ਨੇ ਮੁਕੱਦਮਾ ਸ਼ੁਰੂ ਕੀਤਾ ਹੈ। ਕੇਂਦਰ ਸਰਕਾਰ ਦੇ ਹਲਫੀਆ ਬਿਆਨ ’ਚ ਸ਼ਾਮਿਲ ਨਾਵਾਂ ਦੀ ਸੂਚੀ ’ਚ ਅੰਬੂਨੋਵਾ ਟਰੱਸਟ ਅਤੇ ਮਰਲਿਨ ਮੈਨੇਜਮੇਂਟ ਐੱਸ. ਏ. ਦੇ ਮੋਹਨ ਮਨੋਜ ਧੂਪੇਲੀਆ, ਅੰਬਰੀਸ਼ ਮਨੋਜ ਧੂਪੇਲੀਆ, ਭਵ ਮਨੋਜ ਧੂਪੇਲੀਆ, ਮਨੋਜ ਧੂਪੇਲੀਆ ਅਤੇ ਰੂਪਲ ਧੂਪੇਲੀਆ ਦੇ ਨਾਂਅ ਸ਼ਾਮਿਲ ਹਨ।  ਕੇਂਦਰ ਦੇ ਅਨੁਸਾਰ ਆਮਦਨ ਕਰ ਵਿਭਾਗ ਨੂੰ ਮਨੀਸ਼ੀ ਟਰੱਸਟ ਦੇ 4 ਮੈਂਬਰਾਂ ਦੇ ਵਿਰੁੱਧ ਵੀ ਸਬੂਤ ਮਿਲੇ ਹਨ।  ਇਨ੍ਹਾਂ ਵਿਚ ਹਸਮੁੱਖ ਈਸ਼ਵਰ ਲਾਲ ਗਾਂਧੀ, ਚਿੰਤਨ ਹਸਮੁੱਖ ਗਾਂਧੀ ਅਤੇ ਮੀਰਵ ਹਸਮੁੱਖ ਗਾਂਧੀ ਸ਼ਾਮਿਲ ਹਨ।

Send this to a friend