ਦੇਹਰਾਦੂਨ, 2 ਮਈ (ਪੀ.ਟੀ.)-ਇਸ ਸਾਲ ਫਿਰ 25 ਮਈ ਤੋਂ ਆਰੰਭ ਹੋ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਗੋਬਿੰਦ ਘਾਟ ਉਤਰਾਖੰਡ ਦੀ ਮੈਨੇਜਮੈਂਟ ਅਤੇ ਉਤਰਾਖੰਡ ਸਰਕਾਰ ਵੱਲੋਂ ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਬੀਤੇ ਸਾਲ ਹੋਈ ਭਿਆਨਕ ਤਬਾਹੀ ਤੋਂ ਬਾਅਦ ਗੁਰਦੁਆਰਾ ਗੋਬਿੰਦ ਘਾਟ ਨੂੰ ਮੁੜ ਸੰਗਤਾਂ ਦੇ ਠਹਿਰਣ ਯੋਗ ਬਣਾਉਣ ਅਤੇ ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਤਰਾਖੰਡ ਸਰਕਾਰ ਵੱਲੋਂ ਯਾਤਰਾ 25 ਮਈ ਤੋਂ ਸ਼ੁਰੂ ਕਰਨ ਲਈ ਮਨਜ਼ੂਰੀ ਦੇ ਦਿੱਤੇ ਜਾਣ ਤੋਂ ਬਾਅਦ ਹੁਣ
ਗੋਬਿੰਦਧਾਮ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ ਦਾ 6 ਕਿਲੋਮੀਟਰ ਦਾ ਰਸਤਾ ਜੋ 3 ਕਿਲੋਮੀਟਰ ਬਰਫ ਨੂੰ ਕੱਟ ਕੇ ਬਣਾਇਆ ਜਾਂਦਾ ਹੈ, ਉਸ ਨੂੰ ਯਾਤਰਾ ਦੇ ਯੋਗ ਬਣਾਉਣ ਲਈ ਭਾਰਤੀ ਫੌਜ ਅਤੇ ਟਰੱਸਟ ਦੇ ਸੇਵਾਦਾਰਾਂ ਵੱਲੋਂ 25 ਅਪ੍ਰੈਲ ਤੋਂ ਕੰਮ ਆਰੰਭ ਕੀਤਾ ਹੋਇਆ ਹੈ ਜਿਸ ਨੂੰ ਸਮੇਂ ਸਿਰ ਪੂਰਾ ਕਰ ਲਿਆ ਜਾਵੇਗਾ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਗੋਬਿੰਦ ਘਾਟ ਉਤਰਾਖੰਡ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਅਤੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਗੋਬਿੰਦਧਾਮ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ 6 ਕਿਲੋਮੀਟਰ ਦੇ ਪੱਥਰਾਂ ਅਤੇ ਬਰਫ ਵਾਲੇ ਰਸਤੇ ਨੂੰ ਬਰਫ ਕੱਟ ਕੇ ਸਾਫ ਕਰਨ ਲਈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਸਥਾਨ ਦੀ ਖੋਜ ਕਰਨ ਵਾਲੇ ਹੌਲਦਾਰ ਬਾਬਾ ਮੋਦਨ ਸਿੰਘ ਦੀ ਕੋਰ 418 ਇੰਜੀਨੀਅਰ ਦੇ 15 ਜਵਾਨ ਹੌਲਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਅਤੇ 5 ਸਿੱਖ ਰੈਜਮੈਂਟ ਰੁਦ੍ਰਪਰਿਆਗ ਦੇ 40 ਜਵਾਨ ਲੱਗੇ ਹੋਏ ਹਨ ਜਿਨ੍ਹਾਂ ਦੇ ਨਾਲ ਰਸਤਾ ਦੱਸਣ ਅਤੇ ਜਵਾਨਾਂ ਦੇ ਲੰਗਰ ਅਤੇ ਹੋਰ ਰਹਿਣ ਸਹਿਣ ਦਾ ਪ੍ਰਬੰਧ ਕਰਨ ਲਈ ਟਰੱਸਟ ਦੇ ਸੇਵਾਦਾਰ ਵੀ ਨਾਲ ਹਨ। ਸਰਕਾਰੀ ਤੌਰ ’ਤੇ ਹੋਣ ਵਾਲੇ ਕੰਮਾਂ ਲਈ ਵੀ ਸਥਾਨਕ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਦੇ ਤਹਿਤ ਪੈਦਲ ਯਾਤਰਾ ਵਾਲੇ ਰਸਤਿਆਂ ਵਿਚ ਦੋ ਪੁਲ, ਇਕ ਗੋਬਿੰਦਘਾਟ ਅਤੇ ਦੂਜਾ ਭੰਡਾਰ ਪਿੰਡ ਵਿਖੇ ਬਣਾ ਕੇ ਤਿਆਰ ਕਰ ਦਿੱਤੇ ਗਏ ਹਨ। ਰਸਤੇ ਵਿਚ ਜੋ ਵੀ ਲੱਕੜ ਦੇ ਪੁਲ ਆਉਂਦੇ ਹਨ ਉਨ੍ਹਾਂ ਦੀ ਥਾਂ ‘ਤੇ ਨਵੇਂ ਪੱਕੇ ਲੋਹੇ ਵਾਲੇ ਪੁੱਲ ਲਗਾ ਦਿੱਤੇ ਗਏ ਹਨ। ਗੋਬਿੰਦਘਾਟ ਤੋਂ 3 ਕਿਲੋਮੀਟਰ ਉਪਰ ਤੱਕ ਪੱਕੀ ਸੜਕ ਅਤੇ ਵੱਡੇ ਪੁੱਲ ਦਾ ਕੰਮ ਜਾਰੀ ਹੈ ਅਤੇ ਕੁਝ ਸਮੇਂ ਤੱਕ ਗੱਡੀਆਂ ਦੇ ਜਾਣ ਦਾ ਪ੍ਰੰਬਧ ਵੀ ਹੋ ਜਾਵੇਗਾ। ਯਾਤਰੂਆਂ ਦੀ ਸਹੂਲਤ ਲਈ ਨਵੀਆਂ ਇਮਾਰਤਾਂ, ਲੰਗਰ ਹਾਲ, ਰਸੋਈ ਅਤੇ ਵੱਡੀ ਗਿਣਤੀ ਵਿਚ ਪਖਾਨਿਆਂ ਆਦਿ ਦਾ ਨਿਰਮਾਣ ਕੀਤਾ ਗਿਆ ਹੈ। ਗੋਬਿੰਦਘਾਟ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਨੂੰ ਵੀ ਹੁਣ ਨਵਾਂ ਤਿਆਰ ਕਰਕੇ ਇਕ ਵੱਖਰੀ ਦਿੱਖ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਦਾ ਆਰੰਭ ਪਹਿਲਾ ਜਥਾ 24 ਮਈ ਨੂੰ ਅੰਮ੍ਰਿਤ ਵੇਲੇ ਗੁਰਦੁਆਰਾ ਗੋਬਿੰਦ ਘਾਟ ਤੋਂ ਕਰੇਗਾ। ਰਾਤ ਗੋਬਿੰਦਧਾਮ ਵਿਸ਼ਰਾਮ ਤੋਂ ਬਾਅਦ 25 ਮਈ ਨੂੰ ਫਿਰ ਅੰਮ੍ਰਿਤ ਵੇਲੇ ਯਾਤਰਾ ਆਰੰਭ ਹੋਣ ਤੋਂ ਬਾਅਦ ਸਵੇਰੇ 9 ਵਜੇ ਦਰਬਾਰ ਸਾਹਿਬ ਸ੍ਰੀ ਹੇਮਕੁੰਟ ਸਾਹਿਬ ਵਿਖੇ ਅਰਦਾਸ ਹੋਵੇਗੀ ਉਪਰੰਤ ਸੁਖਮਨੀ ਸਾਹਿਬ ਦੇ ਪਾਠ ਤੇ ਕੀਰਤਨ ਦੀਵਾਨ ਸਜਾਏ ਜਾਣਗੇ। ਰੋਜ਼ਾਨਾ ਦੇ ਦੀਵਾਨਾਂ ਬਾਰੇ ਉਨ੍ਹਾਂ ਦੱਸਿਆ ਕਿ ਦਿਨ ਵਿਚ ਦੋ ਵਾਰ ਅਰਦਾਸ ਹੋਵੇਗੀ। ਪਹਿਲੀ ਅਰਦਾਸ ਸਵੇਰੇ 9:30 ਅਤੇ ਦੂਜੀ 12:30 ਵਜੇ ਹੋਵੇਗੀ।