May 28, 2026 3:23 pm

ਤਲਵੰਡੀ ਸਾਬੋ ਇਲਾਕੇ ‘ਚ ਮੀਂਹ ਝੱਖੜ ਅਤੇ ਗੜਿਆਂ ਨਾਲ ਪੁੰਗਰਦੇ ਨਰਮੇ ਦੀ ਫਸਲ ਦਾ ਭਾਰੀ ਨੁਕਸਾਨ

ਤਲਵੰਡੀ ਸਾਬੋ, 12 ਜੂਨ (ਰਾਮ ਰੇਸ਼ਮ ਨਥੇਹਾ)- ਅੱਜ ਬਾਅਦ ਦੁਪਹਿਰ ਕਰੀਬ ਸਾਢੇ ਚਾਰ ਵਜੇ ਖ਼ਰਾਬ ਹੋਈ ਮੌਸਮ ਦੀ ਚਾਲ ਦੌਰਾਨ ਤੇਜ ਹਵਾਵਾਂ ਅਤੇ ਭਾਰੀ ਮੀਂਹ ਨਾਲ ਹੋਈ ਗੜੇਮਾਰੀ ਨਾਲ ਅੰਤਾਂ ਦੀ ਗਰਮੀ ਤੋਂ ਭਾਵੇਂ ਕੁੱਝ ਰਾਹਤ ਮਿਲੀ ਹੈ ਪ੍ਰੰਤੂ ਗੜਿਆਂ ਨਾਲ ਨਰਮੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਕਾਰਨ ਕਿਸਾਨ ਆਗੂਆਂ ਨੇ ਸਰਕਾਰ ਤੋਂ ਗਿਰਦਾਵਰੀ ਕਰਵਾਕੇ ਮੁਆਵਜ਼ੇ ਦੀ ਮੰਗ ਕੀਤੀ ਹੈ।ਅੱਜ ਬਾਅਦ ਦੁਪਹਿਰ ਤਲਵੰਡੀ ਸਾਬੋ ਅਤੇ ਆਸ ਪਾਸ ਦੇ ਪਿੰਡਾਂ ਦਾ ਮੌਸਮ ਇੱਕਦਮ ਖ਼ਰਾਬ ਹੋ ਗਿਆ ਜਿਸ ਦੌਰਾਨ ਹੋਈ ਭਾਰੀ ਬਰਸਾਤ ਨਾਲ ਜਿੱਥੇ ਲੋਕਾਂ ਨੇ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਕੀਤੀ ਉਥੇ ਨਰਮੇ ਦੀ ਫਸਲ ਬੀਜੀ ਬੈਠੇ ਕਿਸਾਨਾਂ ਅਤੇ ਅੰਗੂਰ ਉਤਪਾਦਕਾਂ ਦਾ ਭਾਰੀ ਨੁਕਸਾਨ ਹੋਣ ਨਾਲ ਕਿਸਾਨਾਂ ਦੀ ਮੌਸਮ ਠੰਡਾ ਹੋਣ ਵਾਲੀ ਸਾਰੀ ਖੁਸ਼ੀ ਤੇ ਪਾਣੀ ਫਿਰ ਗਿਆ।ਤੇਜ ਹਵਾਵਾਂ ਨਾਲ ਦਰਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਨਾਲ ਜਿੱਥੇ ਰਸਤਿਆਂ ਤੇ ਆਵਾਜਾਈ ਵਿੱਚ ਵਿਘਨ ਪਿਆ ਉਥੇ ਪੇਂਡੂ ਇਲਾਕਿਆਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਗਈ।ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੜਿਆਂ ਨਾਲ ਜਿਸ ਨਰਮੇ ਦੇ ਪੱਤੇ ਝੜ ਗਏ ਹਨ ਉਸ ਦਾ ਦੁਬਾਰਾ ਪੱਤੇ ਕੱਢਣਾ ਤਕਰੀਬਨ ਨਾਮੁਮਕਿਨ ਹੀ ਹੈ ਜਿਸ ਕਾਰਨ ਕਿਸਾਨਾ ਵੱਲੋਂ ਨਰਮੇ ਦੀ ਫ਼ਸਲ ਤੇ ਹੁਣ ਤੱਕ ਕੀਤਾ ਖਰਚਾ ਬੇਅਰਥ ਹੁੰਦਾ ਦਿਖਾਈ ਦੇ ਰਿਹਾ ਹੈ।ਕਿਸਾਨ ਆਗੂਆਂ ਮੋਹਨ ਸਿੰਘ ਚੱਠੇਵਾਲਾ,ਜੋਧਾ ਸਿੰਘ ਨੰਗਲਾ ਅਤੇ ਬਹਤਰ ਸਿੰਘ ਨੰਗਲਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੜਿਆਂ ਨਾਲ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ।

Send this to a friend