ਮਿੰਟੂ ਗੁਰੂਸਰੀਆ
ਵੋਟ ਪਾਉਂਣ ਦਾ ਫਰਜ਼ ਬਟਨ ਨੱਪਣ ਨਾਲ ਨਿਭ ਨਹੀਂ ਜਾਂਦਾ, ਇਹ ਫਰਜ਼ ਤੱਦ ਤੱਕ ਅਧੂਰਾ ਰਹਿੰਦਾ ਹੈ, ਜਦ ਤੱਕ ਬਟਨ ਨੱਪਣ ਵਾਲੇ ਹੱਥ ਜਾਗਰੂਕ ਹੋ ਕੇ ਬਟਨ ਨਹੀਂ ਨੱਪਦੇ। ਜਾਗਰੂਕ ਹੋ ਕੇ ਵੋਟ ਪਾਉਂਣ ਦਾ ਅਰਥ ਹੈ ਕਿ ਤੁਹਾਡੀ ਵੋਟ ਕਿਸੇ ਗਲਤ ਵਿਅਕਤੀ ਨੂੰ ਸੰਵਿਧਾਨਿਕ ਤਾਕਤ ਦੇਂਣ ’ਚ ਭਾਗੀਦਾਰ ਨਾ ਬਣੇ। ਅਜਿਹੀ ਗਲਤੀ ਅਕਸਰ ਭਾਰਤ ਦਾ ਵੋਟਰ ਦਹਾਕਿਆਂ ਤੋਂ ਕਰਦਾ ਆਇਆ ਹੈ। ਜੇਕਰ ਇਹ ਗਲਤੀ ਇਸ ਦੌਰ ’ਚ ਦੁਹਰਾਹੀ ਗਈ ਤਾਂ ਫੇਰ ਇਹ ਗਲਤੀ, ਗਲਤੀ ਨਹੀਂ ਗ਼ੁਨਾਹ ਬਣ ਜਾਵੇਗੀ, ਕਿਉਂਕਿ ਅਜ਼ਾਦੀ ਤੋਂ ਬਾਅਦ 60 ਸਾਲ ਵੋਟਰ ਕਦੇ ਜਾਤ ਦੇ ਨਾਂਅ ’ਤੇ, ਕਦੇ ਧਰਮ ਦੇ ਨਾਂਅ ’ਤੇ ਅਤੇ ਕਦੇ ਭਾਸ਼ਣਾਂ ’ਚ ਉਲਝ ਕੇ ਆਪਣੀ ਵੋਟ ਖੋਟੇ ਲੋਕਾਂ ਨੂੰ ਦਿੰਦਾ ਆਇਆ ਹੈ। ਉਦੋਂ ਹਾਲਾਤ ਹੋਰ ਸਨ। ਲੋਕ ਸਾਖਰ ਨਹੀ ਸੀ ਤੇ ਨਾ ਹੀ ਲੋਕਾਂ ਕੋਲ ਕੋਈ ਬਹੁਤੇ ਵਿਕਲਪ ਮੌਜੂਦ ਸਨ। ਪਰ ਅੱਜ ਸਮਾਂ ਬਦਲ ਗਿਆ ਹੈ। ਅੱਜ ਸਾਰੇ ਵਿਕਲਪ ਵੋਟਰ ਦੀ ਮੁੱਠੀ ’ਚ ਹਨ। ਹੁਣ ਵੋਟ ਪਾਉਂਣ ਤੋਂ ਕਈ ਦਿਨ ਪਹਿਲਾਂ ਹੀ ਵੋਟਰ ਨੂੰ ਹਕੀਕੀ ਆਇਨੇ ’ਚ ਉਮੀਦਵਾਰਾਂ ਦੀ ਸ਼ਖਸੀਅਤ ਦਾ ਪ੍ਰਤੀਬਿੰਬ ਦਿਖ ਜਾਂਦਾ ਹੈ ਕਿ ਉਹ ਕਿਸ ‘ਚਾਲੇ’ ਚੱਲਣ ਵਾਲੇ ਰਾਹੀ ਹਨ। ਕਿਹੜੇ ਉਮੀਦਵਾਰ ਕੋਲ ਕਿੰਨ੍ਹੀ ਸੰਪਤੀ ਹੈ, ਕਿਹੜੇ ਉਮੀਦਵਾਰ ’ਤੇ ਕਿੰਨ੍ਹੇ ਕੇਸ ਚੱਲਦੇ ਹਨ, ਇਹ ਸਭ ਕੁਝ ਵੋਟਰ ਨੂੰ ਵੋਟ ਪਾਉਂਣ ਤੋਂ ਕਈ ਰੋਜ਼ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਕਿਸ ਪਾਰਟੀ ਦੀਆਂ ਕੀ ਨੀਤੀਆਂ ਹਨ ਤੇ ਬੀਤੇ ’ਚ ਉਸ ਦੀਆਂ ਨੀਤੀਆਂ ਕਿੰਨ੍ਹੀਆਂ ਕੁ ਕਾਰਗਰ ਸਾਬਤ ਹੋਈਆਂ ਹਨ। ਇਹ ਵਿਸ਼ਲੇਸ਼ਣ ਕਰਨ ਲਈ ਵੋਟਰ ਕੋਲ ਉਚਿਤ ਸਮਾਂ ਵੀ ਹੁੰਦਾ ਹੈ ਤੇ ਲੋੜੀਂਦੇ ਸੰਚਾਰ ਸਾਧਨ ਵੀ। ਪਰ ਫੇਰ ਵੀ ਜੇ ਉਹ ਵੋਟ ਗਲਤ ਥਾਂ ਸੁੱਟ ਦੇਵੇ ਤਾਂ ਫੇਰ ਉਸ ਨੂੰ ਪੰਜ ਸਾਲ ਰੋਂਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ, ਕਿਉਂਕਿ ਉਸ ਨੇ ਆਪਣੀ ਲੁੱਟ ਦੇ ਲਾਈਸੈਂਸ ’ਤੇ ਖੁਦ ਹੀ ਹਸਤਾਖਰ ਕੀਤੇ ਹੁੰਦੇ ਹਨ। ਪੰਜਾਬੀ ਵੋਟਰ ਦੀ ਜਿੰਮੇਵਾਰੀ ਤਾਂ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਜੋ ਅੱਜ ਪੰਜਾਬ ਦੀ ਹਾਲਤ ਹੈ, ਉਹ ਕਿਸੇ ਵੀ ਪੰਜਾਬੀ ਦੀ
ਆਤਮਾ ਨੂੰ ਝਿੰਜੋੜਨ ਲਈ ਆਪੂੰ ਆਪਣੀ ਮਿਸਾਲ ਹੈ। ਪੰਜਾਬ ’ਤੇ ਸ਼ਾਸ਼ਨ ਨਹੀਂ ਕੀਤਾ ਜਾ ਰਿਹਾ ਬਲਕਿ ਇਸ ਨੂੰ ਕੋਹਿਆ ਜਾ ਰਿਹਾ ਹੈ। ਇਸ ਦੀ ਹਸਤੀ ਨਾਲ ਇਸ ਦੇ ਰਾਖੇ ਹੀ ਬਲਾਤਕਾਰ ਕਰ ਰਹੇ ਹਨ। ਨਸ਼ੇ, ਬੇਰੁਜ਼ਗਾਰੀ, ਭਰੂਣ ਹੱਤਿਆ, ਕਿਰਸਾਨੀ ਦੀ ਤਬਾਹੀ, ਕਿਰਤੀ ਦਾ ਸ਼ੋਸ਼ਣ, ਬਲਾਤਕਾਰ, ਸਿਆਸੀ ਗੁੰਡਾਗਰਦੀ ਇਤਿਆਦਿਕ ਜਿਹੀਆਂ ਅਲਾਮਤਾਂ ਹੱਥੋਂ ਪੰਜਾਬ ਵਿੰਨ੍ਹਿਆ ਪਿਆ ਹੈ। ਪੰਜਾਬ ਦੀ ਇਹ ਤਸਵੀਰ ਕੋਈ ਨੇਤਰਹੀਣ ਵੀ ਦੇਖ ਸਕਦਾ ਹੈ। ਇਸ ਤਸਵੀਰ ਨੂੰ ਬਦਲਣ ਦਾ ਇੱਕੋ-ਇੱਕ ਉਪਾਅ ਹੈ, ਤਖ਼ਤ ’ਤੇ ਬੈਠੇ ਲੋਕਾਂ ਨੂੰ ਬਦਲ ਦੇਣਾ, ਕਿਉਂਕਿ ਜੋ ਲੋਕ 50 ਸਾਲਾਂ ’ਚ ਪੰਜਾਬ ਨੂੰ ਨਹੀਂ ਬਦਲ ਸਕੇ, ਫੇਰ ਉਹ ਬਦਲ ਦੇਣੇ ਹੀ ਉਚਿਤ ਹਨ। ਪਹਿਲਾਂ ਵੋਟਰ ਕੋਲ ਦੋ ਹੀ ਵਿਕਲਪ ਸੀ, ਅਕਾਲੀ ਦਲ ਅਤੇ ਕਾਂਗਰਸ। ਜਿੰਨ੍ਹੇ ਕੁ ਲੋਕ ਅਕਾਲੀਆਂ ਤੋਂ ਦੁਖੀ ਹੋ ਕੇ ਕਾਂਗਰਸ ’ਚ ਜਾਂਦੇ ਸਨ, ਓਨੇ ਕੁ ਕਾਂਗਰਸ ਹੱਥੋਂ ਤਪੇ ਹੋਏ ਅਕਾਲੀ ਫੌਜ ਦਾ ਹਿੱਸਾ ਆ ਬਣਦੇ ਸਨ, ਹਿਸਾਬ ਬਾਰਬਰ ਰਹਿੰਦਾ ਸੀ। ਪੰਜ ਸਾਲ ਉਹ ‘ਹੂੰਝਦੇ’ ਤੇ ਪੰਜ ਸਾਲ ਉਹ ਲੁੱਟਦੇ, ਪਰ ਹੁਣ ਹਾਲਾਤ ਬਦਲ ਗਏ ਹਨ। ਅੱਜ ਕਾਂਗਰਸ, ਅਕਾਲੀ ਦਲ ਤੋਂ ਇਲਾਵਾ ‘ਆਪ’ ਦਾ ਵਿਕਲਪ ਮੌਜ਼ੂਦ ਹੈ। ਜੇਕਰ ਆਪ ਜੀ ‘ਆਪ’ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹੋ ਤੇ ਅਕਾਲੀ ਦਲ ਅਤੇ ਕਾਂਗਰਸ ਤੋਂ ਵੀ ਭਰੋਸਾ ਖੋਹ ਚੁੱਕੇ ਹੋ ਤਾਂ ਫੇਰ ਵੀ ਵਿਕਲਪ ਮੁੱਕ ਨਹੀਂ ਜਾਂਦੇ, ਤੁਹਾਡੇ ਕੋਲ ‘ਨੋਟਾ’ ਬੱਚਦਾ ਹੈ। ‘ਨੋਟਾ’, ਯਾਨੀ ਤੁਸਂੀਂ ਸਾਰੇ ਉਮੀਦਵਾਰਾਂ ਨੂੰ ਰੱਦ ਵੀ ਕਰ ਸਕਦੇ ਹੋ। ਜਿਵੇ ਅਮਿਤਾਭ ਬੱਚਨ ਇਕ ਫਿਲਮ ’ਚ ਡਾਈਲਾਗ ਬੋਲਦਾ ਹੈ ‘ਮੇਰ ਪਾਸ ਮਾਂ ਹੈ’ ਓਵੇਂ ਅੱਜ ਦਾ ਵੋਟਰ ਵੀ ਉਮੀਦਵਾਰਾਂ ਨੂੰ ਧੌਂਸ ਦੇ ਸਕਦਾ ਹੈ ਕਿ ‘ਮੇਰੇ ਪਾਸ ਨੋਟਾ’ ਹੈ। ਦਾਗੀਆਂ-ਚੋਰਾਂ ਨੂੰ ਸਬਕ ਸਿਖਾਉਂਣ ਦਾ ਬੇਹਤਰੀਨ ਹਥਿਆਰ ਹੈ, ਨੋਟਾ। ਪਰ ਨੋਟਾ ਦੀ ਵਰਤੋਂ ਉਦੋਂ ਹੀ ਕੀਤੀ ਜਾਣੀ ਚਾਹੀਦੀ ਹੈ, ਜਦੋਂ ਉਮੀਦਵਾਰਾਂ ਦੀ ਸੂਚੀ ’ਚ ਕੋਈ ਇਮਾਨਦਾਰ ਤੇ ਯੋਗ ਹੋਵੇ ਹੀ ਨਾ। ਪਰ ਮੇਰੇ ਹਿਸਾਬ ਨਾਲ ਹਾਲੇ ਭਾਰਤ ਏਨਾਂ ਵੀ ਨਹੀਂ ਗਰਕਿਆ ਕਿ ਲੱਖਾਂ ਵੋਟਰਾਂ ਵਾਲੇ ਹਲਕੇ ’ਚੋਂ ਕੋਈ ਇੱਕ-ਅੱਧ ਉਮੀਦਵਾਰ ਵੀ ਇਮਾਨਦਾਰ ਨਾ ਹੋਵੇ। ਬੱਸ, ਅੱਖਾਂ ਖੋਲ ਕੇ ਪਹਿਚਾਨਣ ਦੀ ਲੋੜ ਹੈ। ਜਦੋਂ ਘਰ ਤੋਂ ਪੋ¦ਿਗ ਬ੍ਰੂਥ ਨੂੰ ਚੱਲੋ ਤਾਂ ਜ਼ਮੀਰੀ ਦੇ ਮੂੰਂਹ ’ਤੇ ਠੰਢੇ ਪਾਣੀ ਦੇ ਛੱਟੇ ਮਾਰ ਕੇ ਚੱਲਿਓ, ਤਾਂ ਕਿ ਇਹ ਮਸ਼ੀਨ ਕੋਲ ਪਹੁੰਚਦਿਆਂ-ਪਹੁੰਚਦਿਆਂ ਮੁੜ ਘੂਕ ਨਾ ਸੌਂ ਜਾਵੇ। ਰਸਤੇ ’ਚ ਜਾਂਦੇ ਘਰਾਂ ’ਚ ਪੈ ਰਹੇ ਕੀਰਣੇਂ ਜ਼ਰੂਰ ਸੁਣਿਓ, ਇਹ ਕੀਰਣੇਂ ਉਨ੍ਹਾਂ ਮਾਵਾਂ ਦੇ ਹਨ, ਜਿੰਨ੍ਹਾਂ ਦੀਆਂ ਗੋਦਾਂ ਨਸ਼ੇ ਨੇ ਉਜਾੜ ਘੱਤੀਆਂ। ਕੰਮੀਆਂ ਦੇ ਵਿਹੜੇ ’ਚ ਉਨ੍ਹਾਂ ਕਿਰਤੀਆਂ ਵੱਲ ਵੀ ਝਾਤ ਪਾ ਲਿਓ, ਜਿੰਨ੍ਹਾਂ ਦੀਆਂ ਔਰਤਾਂ ਅੱਜ ਵੀ ਮੰਜਾ ਖੜ੍ਹਾ ਕਰਕੇ ਨਹਾਉਂਦੀਆਂ ਹਨ। ਉਨ੍ਹਾਂ ਵੇਹਲੜਾਂ ਨੂੰ ਵੀ ਤੱਕ ਲਿਓ, ਜੋ ਹੱਥਾਂ ’ਚ ਡਿਗਰੀਆਂ ਫੜ ਕੇ ਮੌਕੇ ਦੀ ਉਡੀਕ ’ਚ ਹਨ, ਕਿ ਕੋਈ ਸਾਨੂੰ ਜਮਾਂਦਾਰ ਹੀ ਰੱਖ ਲਵੇ, ਘੱਟ ਤੋਂ ਘੱਟ ਮਾਂ ਦੇ ਚੁੱਲਿਓਂ ਬੋਝ ਤਾਂ ਲਹਿ ਜਾਵੇ। ਰਸਤੇ ’ਚ ਬੈਠੇ ਕਿਸੇ ਭਿਖਾਰੀ ਨੂੰ ਅੱਜ ਬੇਸ਼ੱਕ ਭੀਖ ਨਾ ਦਿਓ ਜੇ, ਪਰ ਉਸ ਦੀ ਹਾਲਤ ਦਾ ਆਂਕਲਣ ਜ਼ਰੂਰ ਕਰਿਓ ਕਿ ਉਹ ਕਿਹੜੇ ਕਾਰਨ ਹਨ, ਜੋ ਇਸ ਦੇਸ਼ ਨੂੰ ‘ਮੰਗਤਿਆਂ ਦੇ ਦੇਸ਼’ ਵੱਜੋ ਮਸ਼ਹੂਰ ਕਰ ਗਏ ਹਨ? ਇਨ੍ਹਾਂ ਸਵਾਲਾਂ ਦੇ ਹੱਲ ਲੱਭ ਕੇ ਆਪਣੀ ਆਤਮਾ ਨਾਲ ਚਿੰਤਨ ਕਰਨ ਉਪਰੰਤ ਵੋਟ ਪਾਇਓ। ਫੇਰ ਹੀ ਤੁਹਾਡੀ ਵੋਟ ਸਾਰਥਕ ਭੂਮਿਕਾ ਨਿਭਾ ਸਕੇਗੀ। ਘਰ ਤੋਂ ਜਾਂਦੇ ਸਮੇਂ ਰਸਤੇ ’ਚ ਤੁਹਾਡੀ ਵੋਟ ਦੀ ਬੋਲੀ ਵੀ ਲੱਗੇਗੀ। ਕੋਈ ਸ਼ਰਾਬ ਦੀ ਬੋਤਲ ਤੁਹਾਡੀ ਵੋਟ ਦਾ ਮੁੱਲ ਪਾਵੇਗਾ ਤੇ ਕੋਈ ਗਾਂਧੀ ਵਾਲਾ ਨੋਟ ਦਿਖਾ ਕੇ ਇਸ ਨੂੰ ਲਲਚਾਏਗਾ। ਪਰ ਤੁਸੀਂ ਇਸ ਲਾਲਚ ਦੀ ਕਿਸ਼ਤੀ ’ਚ ਸਵਾਰ ਹੋ ਕੇ ਪੋ¦ਿਗ ਬੂਥ ’ਤੇ ਨਾ ਪਹੁੰਚਿਓ, ਨਹੀਂ ਤਾਂ ਸ਼ਹੀਦਾਂ ਦੇ ਸੁਪਨੇ ਕਦੇ ਵੀ ਆਪਣੀ ਮੰਜ਼ਲ ’ਤੇ ਨਹੀਂ ਪਹੁੰਚ ਸਕਣਗੇ। ਨਿਜ਼ਾਮ ਬਦਲਣ ਦੀ ਪ੍ਰਕਿਰਿਆ ਦਾ ਹਿੱਸਾ ਬਣਨ ਤੋਂ ਪਹਿਲਾਂ ਖੁਦ ਨੂੰ ਬਦਲ ਕੇ ਚੱਲਿਓ, ਤਬਦੀਲੀ ਫੇਰ ਹੀ ਆਵੇਗੀ। ਪਾਰਟੀਆਂ ਦੇ ਚੋਣ ਨਿਸ਼ਾਨਾਂ ਦੇ ਚੱਕਰਾਂ ’ਚ ਪੈਂਣ ਦੀ ਬਜਾਇ ਇਮਾਨਦਾਰ ਅਕਸ ਨੂੰ ਆਪਣੀ ਵੋਟ ਦਾ ਹੱਕਦਾਰ ਬਣਾਇਓ, ਨਹੀਂ ਤਾਂ ਪੰਜ ਸਾਲ ਅੱਖਾਂ ’ਚ ਘਸੁੰਨ ਦੇ ਕੇ ਓਵੇਂ ਹੀ ਰੋਵੋਗੇ, ਜਿਵੇਂ ਤੁਹਾਡੇ ਵੱਡੇ ਰੋਂਦੇ ਚਲੇ ਗਏ।



