ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦਾ ਲਾਭ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਕੁਰਾਲੀ, 5 ਜੂਨ (ਰਣਜੋਧ ਸਿੰਘ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਮਦਦ ਦੇਣ ਲਈ ਸ਼ੁਰੂ ਕੀਤੇ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦਾ ਲਾਭ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਇਸ ਕਾਰਨ ਪ੍ਰੇਸ਼ਾਨ ਕਿਸਾਨਾਂ ਦਾ ਵਫ਼ਦ ਸਹਿਕਾਰੀ ਸਭਾ ਦੇ ਅਧਿਕਾਰੀਆਂ ਨੂੰ ਮਿਲਿਆ ਅਤੇ ਕੇਂਦਰ ਵੱਲੋਂ ਸ਼ੁਰੂ ਕੀਤੀ ਯੋਜਨਾ ਦੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ।ਸ਼ਹਿਰ ਦੇ ਕਿਸਾਨਾਂ ਪਰਮਿੰਦਰ ਸਿੰਘ, ਤੇਜਵੀਰ ਸਿੰਘ, ਮਹਾਂਵੀਰ ਸਿੰਘ, ਪ੍ਰੇਮ ਸਿੰਘ, ਹਰੀਪਾਲ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਕੇਂਦਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਸਿਰਫ ਕੁਰਾਲੀ ਦੇ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਹਾਲੇ ਤੱਕ ਨਹੀਂ ਮਿਲਿਆ। ਇਸੇ ਦੌਰਾਨ ਸ਼ਹਿਰ ਦੇ ਕਿਸਾਨਾਂ ਦੇ ਵਫ਼ਦ ਨੇ ਰਾਜਪੂਤ ਸਭਾ ਦੇ ਪ੍ਰਧਾਨ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਸਥਾਨਕ ਸਹਿਕਾਰੀ ਸਭਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਸਹਿਕਾਰੀ ਸਭਾ ਦੇ ਸਕੱਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੇ ਲਾਭ ਲਈ ਸਭਾ ਵਲੋਂ 156 ਕਿਸਾਨਾਂ ਦੀ ਸੂਚੀ ਤਿਆਰ ਕਰਕੇ ਉਚ ਅਧਿਕਾਰੀਆਂ ਨੂੰ ਭੇਜੀ ਹੋਈ ਹੈ। ਉਨ੍ਹਾਂ ਕਿਹਾ ਕਿ ਉਪਰਲੇ ਪੱਧਰ ‘ਤੇ ਸੂਚੀ ਪ੍ਰਵਾਨ ਹੋਣ ਮਗਰੋਂ ਹੀ ਕਿਸਾਨਾਂ ਨੂੰ ਰਾਸ਼ੀ ਜਾਰੀ ਕੀਤੀ ਜਾਵੇਗੀ।

Send this to a friend