ਫਿਰੋਜ਼ਪੁਰ, 31 ਮਈ (ਸੰਦੀਪ ਕੰਬੋਜ ਜਈਆ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ-ਕਮ-ਜ਼ਿਲ੍ਹਾ ਸੈਸ਼ਨ ਜੱਜ ਸ. ਪਰਮਿੰਦਰ ਪਾਲ ਸਿੰਘ ਨੇ ਲੋਕਾਂ ਨੂੰ 13 ਜੁਲਾਈ 2019 ਨੂੰ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਵਿੱਚ ਆਪਣੇ ਕੇਸ ਸ਼ਾਮਲ ਕਰਨ ਲਈ ਕਿਹਾ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਤਿਮਾਹੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੂੰ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਿਤ ਕੇਸ ਭੇਜ ਕੇ ਇਸ ਨੂੰ ਸਫਲ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋਕ ਅਦਾਲਤ ਤਹਿਤ ਫਿਰੋਜ਼ਪੁਰ ਸੈਸ਼ਨ ਡਵੀਜ਼ਨ ਵਿੱਚ ਵੀ ਬੈਂਚ ਸਥਾਪਿਤ ਕੀਤੇ ਜਾਣਗੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ, ਬੈਂਕ, ਟੈਲੀਫ਼ੋਨ ਕੰਪਨੀਆਂ, ਇੰਸ਼ੋਰੈਂਸ ਕੰਪਨੀਆਂ ਅਤੇ ਆਮ ਜਨਤਾ
ਆਪਣੇ ਕੇਸਾਂ ਨੂੰ ਲੋਕ ਅਦਾਲਤ ਵਿੱਚ ਲਿਆ ਕੇ ਆਪਸੀ ਭਾਈਚਾਰੇ ਨਾਲ ਆਪਣੇ ਵਿਵਾਦਾਂ ਦਾ ਨਿਪਟਾਰਾ ਕਰਵਾਉਣ। ਝਗੜਾ ਨਿਵਾਰਨ ਸਕੀਮ, ਪ੍ਰੀ-ਲੋਕ ਅਦਾਲਤ ਅਤੇ ਮੈਡੀਏਸ਼ਨ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਏ.ਡੀ.ਆਰ., ਪ੍ਰੀ-ਲੋਕ ਅਦਾਲਤ ਅਤੇ ਮੈਡੀਏਸ਼ਨ ਇਕ ਇਹੋ ਜਿਹੀ ਪ੍ਰਕਿਰਿਆ ਹੈ ਜਿਸ ਤਹਿਤ ਲੋਕਾਂ ਨੂੰ ਆਪਸੀ ਸਹਿਮਤੀ ਨਾਲ ਆਪਣੇ ਝਗੜਿਆਂ ਦਾ ਨਿਪਟਾਰਾ ਕਰਨ ਦਾ ਮੌਕਾ ਮਿਲਿਆ।ਇਸ ਤੋਂ ਇਲਾਵਾ ਚੇਅਰਮੈਨ ਪਰਮਿੰਦਰ ਪਾਲ ਸਿੰਘ ਨੇ ਪੁਲਿਸ ਵਿਭਾਗ ਨੂੰ ਹਰ ਥਾਣੇ ਵਿੱਚ ਨਬਾਲਗ ਬੱਚਿਆਂ ਨਾਲ ਡੀਲ ਕਰਨ ਲਈ ਚਾਈਲਡ ਪ੍ਰੋਟੈਕਸ਼ਨ ਅਫ਼ਸਰ ਨਿਯੁਕਤ ਕਰਨ ਲਈ ਕਿਹਾ, ਜਿਨ੍ਹਾਂ ਨੂੰ ਜੂਨਾਇਲ ਜਸਟਿਸ ਬੋਰਡ ਦੇ ਮਾਹਿਰ ਅਧਿਕਾਰੀਆਂ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ।
ਹਰ ਥਾਣੇ ਵਿੱਚ ਨਾਬਾਲਗ ਬੱਚਿਆਂ ਨਾਲ ਜੁੜੇ ਮਾਮਲਿਆਂ ਸਬੰਧੀ ਚਾਈਲਡ ਪ੍ਰੋਟੈਕਸ਼ਨ ਅਫ਼ਸਰ ਤੈਨਾਤ ਕਰਨ ਦੇ ਦਿੱਤੇ ਨਿਰਦੇਸ਼



