ਦੋਸ਼ੀਆਂ ਵੱਲੋਂ ਐਸ਼ ਦੀ ਜ਼ਿੰਦਗੀ ਜਿਊਣ ਲਈ ਕੀਤੀ ਗਈ ਡਕੈਤੀ : ਐਸ.ਐਸ.ਪੀ. ਮਨਦੀਪ ਸਿੱਧੂ
ਸਮਾਣਾ/ਪਟਿਆਲਾ, 1 ਮਈ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਪਟਿਆਲਾ ਪੁਲਿਸ ਨੇ ਸਮਾਣਾ ਨੇੜੇ ਪਿੰਡ ਬੰਮਣਾ ਵਿਖੇ 20 ਅਪ੍ਰੈਲ ਨੂੰ ਓਰੀਐਂਟਲ ਬੈਂਕ ਆਫ ਕਾਮਰਸ ਵਿਖੇ ਦਿਨ ਦਿਹਾੜੇ 7 ਲੱਖ 27 ਹਜ਼ਾਰ 530 ਰੁਪਏ ਦੀ ਡਕੈਤੀ ਦੇ ਮਾਮਲੇ ਨੂੰ ਹੱਲ ਕਰ ਕਰਦਿਆ ਇਸ ਘਟਨਾ ’ਚ ਸ਼ਾਮਲ ਦੋ ਵਿਅਕਤੀਆਂ ਸਮੇਤ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਖੋਹ ਕੀਤੀ ਕਾਰ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਹ ਖੁਲਾਸਾ ਕਰਨ ਲਈ ਇੱਥੇ ਪੁਲਿਸ ਲਾਇਨਜ ਵਿਖੇ ਸੱਦੀ ਪ੍ਰੈਸ ਕਾਨਫਰੰਸ ਮੌਕੇ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 5 ਫੜੇ ਗਏ ਵਿਅਕਤੀਆਂ ਪਾਸੋਂ ਇਕ ਦੇਸੀ ਪਿਸਟਲ 32 ਬੋਰ ਸਮੇਤ 6 ਜਿੰਦਾ ਕਾਰਤੂਸ, ਇਕ ਦੇਸੀ ਪਿਸਟਲ 315 ਬੋਰ ਸਮੇਤ 6 ਜਿੰਦਾ ਕਾਰਤੂਸ, 30 ਮੋਬਾਇਲ ਫੋਨ ਤੇ ਇਕ ਕਿਰਚ ਬਰਾਮਦ ਹੋਏ ਅਤੇ ਕਾਰ ਦੀ ਪਿਛਲੀ ਸੀਟ ਦੇ ਮੇਟਾਂ ਥੱਲੇ ਛੁਪਾਈਆਂ ਕਾਰ ਦੀਆਂ ਅਸਲੀ ਨੰਬਰ ਪਲੇਟਾਂ ਨੰਬਰ ਪੀ.ਬੀ 55 ਡੀ-1319 ਬਰਾਮਦ ਹੋਈਆ ਹਨ। ਐਸ.ਐਸ.ਪੀ. ਨੇ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ 20 ਅਪ੍ਰੈਲ ਨੂੰ ਪੰਜ ਅਣਪਛਾਤੇ ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਵੱਲੋ ਪਿੰਡ ਬੰਮਣਾ, ਥਾਣਾ ਸਦਰ ਸਮਾਣਾ ਵਿਖੇ ਓਰੀਐਂਟਲ ਬੈਕ ਆਫ ਕਾਮਰਸ ਵਿਖੇ ਦਿਨ ਦਿਹਾੜੇ 07 ਲੱਖ 27 ਹਜ਼ਾਰ 530 ਰੁਪਏ ਦੀ ਡਕੈਤੀ ਅਤੇ 2 ਮੋਬਾਇਲ ਫੋਨਾਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 30 ਅਪ੍ਰੈਲ ਨੂੰ ਇੰਸਪੈਕਟਰ ਵਿਜੇ ਕੁਮਾਰ, ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਨੂੰ ਇਤਲਾਹ ਮਿਲੀ ਕਿ ਕੁੱਝ ਵਿਅਕਤੀ ਖੋਹ ਕੀਤੀ ਗਈ ਕਾਰ ਮਾਰਕਾ ਟਾਟਾ ਟੀਆਗੋ ’ਤੇ ਜਾਅਲੀ ਨੰਬਰ ਪੀ.ਬੀ 11 ਸੀਐਲ-4555 ਲਗਾਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ, ਜਿੰਨਾ ਨੇ ਪਹਿਲਾਂ ਵੀ ਮਿਤੀ 20 ਅਪ੍ਰੈਲ ਨੂੰ ਪਿੰਡ ਬੰਮਣਾ ਥਾਣਾ ਸਦਰ ਸਮਾਣਾ ਦੇ ਓਰੀਐਂਟਲ ਬੈਕ ਆਫ ਕਾਮਰਸ ਵਿੱਚ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਇਤਲਾਹ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸੀ.ਆਈ.ਏ ਸਟਾਫ ਸਮਾਣਾ ਦੀ ਪੁਲਿਸ ਪਾਰਟੀ ਵੱਲੋ ਡਰੇਨ ਪੁਲ ਪਿੰਡ ਲਲੋਛੀ ਵਿਖੇ ਨਾਕਾਬੰਦੀ ਦੌਰਾਨ ਚੰਨੋ ਪਾਸੇ ਤੋ ਆਉਂਦੀ ਇਕ ਸਿਲਵਰ ਰੰਗ ਦੀ ਟਾਟਾ ਟੀਆਗੋ ਕਾਰ ਨੂੰ ਸ਼ੱਕ ਦੀ ਬਿਨਾਂ ’ਤੇ ਰੋਕ ਕੇ ਕਾਰ ਵਿੱਚ ਸਵਾਰ 5 ਵਿਅਕਤੀਆਂ ਦੀ ਪੁੱਛ ਪੜਤਾਲ ਕੀਤੀ ਗਈ, ਜਿਨ੍ਹਾਂ ਦੀ ਪਹਿਚਾਣ ਦਲਜੀਤ ਸਿੰਘ ਵਾਸੀ ਜ਼ਿਲ੍ਹਾ ਸੰਗਰੂਰ, ਸੋਨੂੰ ਵਾਸੀ ਜ਼ਿਲ੍ਹਾ ਸੰਗਰੂਰ, ਪ੍ਰਿੰਸ ਰਾਓ ਵਾਸੀ ਆਜਮਗੜ੍ਹ ਯੂ.ਪੀ. ਹਾਲ ਵਾਸੀ ਲੁਧਿਆਣਾ, ਓਮ ਪ੍ਰਕਾਸ਼ ਵਾਸੀ ਆਜਮਗੜ੍ਹ ਯੂ.ਪੀ. ਹਾਲ ਵਾਸੀ ਲੁਧਿਆਣਾ ਅਤੇ ਦੀਪਕ ਕੁਮਾਰ ਵਾਸੀ ਆਜਮਗੜ੍ਹ ਯੂ.ਪੀ. ਹਾਲ ਵਾਸੀ ਲੁਧਿਆਣਾ ਵੱਜੋ ਹੋਈ।