ਖਰੀਦ ਕੇਂਦਰਾਂ ’ਤੇ ਨਹੀਂ ਹੋ ਰਹੀ ਕਣਕ ਦੇ ਗੱਟਿਆਂ ਦੀ ਚੁਕਾਈ-ਕਿਸਾਨ ਹੋ ਰਹੇ ਖੱਜਲ-ਖੁਆਰ

ਰਾਮਾਂ ਮੰਡੀ, 30 ਅਪ੍ਰੈਲ (ਰਜਿੰਦਰ ਕਾਂਸਲ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਖਰੀਦ ਕੇਂਦਰ ਤਰਖਾਣਵਾਲਾ, ਸੇਖੂ,ਫੱਲੜ, ਪੱਕਾ ਕਲਾਂ, ਚੱਕ ਹੀਰਾ ਸਿੰਘ ਵਾਲਾ, ਬੰਗੀ ਰਘੂ ਅਤੇ ਬੰਗੀ ਕਲਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਜਾਇਜ਼ਾ ਲੈਣ ਤੋਂ ਬਾਅਦ ਸਰੂਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਰੀਦ ਕੇਂਦਰ ਤਰਖਾਣਵਾਲਾ, ਫੱਲੜ, ਪੱਕਾ ਕਲਾਂ, ਚੱਕ ਹੀਰਾ ਸਿੰਘ ਵਾਲਾ ਵਿਖੇ ਕਣਕ ਦੇ ਭਰੇ ਗੱਟਿਆਂ ਨਾਲ ਪੱਕੀਆਂ ਦਾਣਾ ਮੰਡੀਆਂ ਰੁਕ ਗਈਆਂ ਹਨ। ਆੜ੍ਹਤੀਆਂ ਵੱਲੋਂ ਕਿਸਾਨਾਂ ਦੀ ਫਸਲ ਨਿੱਜੀ ਕੱਚੀ ਜਗ੍ਹਾ ਲ਼ੈ ਕੇ ਸੁਟਾਈ ਜਾ ਰਹੀ ਹੈ। ਕਿਸਾਨ ਕੱਚੀ ਜਗ੍ਹਾ ਵਿਚ ਕਣਕ ਲਾਹ ਕੇ ਕਈ ਦਿਨ੍ਹਾਂ ਤੋਂ ਪਰੈਸ਼ਾਨੀ ਦੇ ਆਲਮ ’ਚ ਰਾਤਾਂ ਕੱਟ ਰਹੇ ਹਨ। ਬਹਤੇ ਕਿਸਾਨਾਂ ਨੂੰ ਕੱਚੀ ਜਗ੍ਹਾ ਵੀ ਨਾ ਮਿਲਣ ਕਾਰਨ ਕਣਕ ਦੀ ਫਸਲ ਆਪਣੇ ਘਰਾਂ ਵਿਚ ਰੱਖੀ ਬੈਠੇ ਹਨ।ਪੰਜਾਬ ਸਰਕਾਰ ਵੱਲੋਂ ਉਕਤ ਖਰੀਦ ਕੇਂਦਰ ’ਤੇ ਅਧੂਰੇ ਪ੍ਰਬੰਧਾਂ ਦੀ ਸਖਤ ਨਿਖੇਧੀ ਕਰਦਿਆਂ ਸਰੂਪ ਸਿੱਧ ਨੇ ਕਿਹਾ ਕਿ ਖਰੀਦ ਏਜੰਸੀਆਂ ਦੇ ਇੰਸਪਕੈਟਰਾਂ ਵੱਲੋਂ ਵਰਤੀ ਜਾ ਰਹੀ ਅਣਗਹਿਲੀ,ਢਿਲਮੱਲ ਤੇ ਨਲਾਇਕੀ ਦੇ ਕਾਰਨ ਹੀ ਅੱਜ ਕਿਸਾਨ ਦਾਣਾ ਮੰਡੀ ਵਿੱਚ ਕਈ ਦਿਨਾਂ ਤੋਂ ਖੱਜਲ-ਖੁਆਰ ਹੋ ਰਹੇ ਹਨ।ਜਿਸ ਨੂੰ ਯੂਨੀਅਨ ਕਦੇ ਵੀ ਬਰਦਾਸ਼ਤ ਨਹੀ ਕਰੇਗੀ। ਉਨ੍ਹਾਂ ਚਿਵਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਣਕ ਦੇ ਗੱਟਿਆਂ ਦੀ ਜਲਦ ਚੁਕਾਈ ਨਾ ਕੀਤੀ ਤਾਂ ਯੂਨੀਅਨ ਖਰੀਦ ਇੰਸਪਕੈਟਰਾਂ ਦਾ ਘਿਰਾਉ ਵੀ ਕਰੇਗੀ ਅਤੇ ਸ਼ੜਕੀ ਆਵਾਜਾਈ ਵੀ ਜਾਮ ਕਰੇਗੀ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਕਿਸਾਨ ਆਗੂ ਸਰੂਪ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਜੀਲੈਂਸ ਦੀ ਟੀਮ ਗਠਤ ਕੀਤੀ ਜਾਵੇ ਤੇ ਦਾਣਾ ਮੰਡੀਆਂ ਵਿਚ ਭੇਜ ਕੇ ਕਿਸਾਨਾਂ ਦੀ ਸਮੇਂ ਸਿਰ ਕਣਕ ਦੀ ਖਰੀਦ ਕਰਵਾਵੇ।

Send this to a friend