ਮੁੰਬਈ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਰਿਜ਼ਰਵ ਬੈਂਕ ਨੇ ਚੋਣਾਂ ਤੋਂ ਠੀਕ ਇਕ ਹਫਤਾ ਪਹਿਲਾਂ ਸੁਸਤ ਅਰਥਵਿਵਸਥਾ ’ਚ ਜਾਨ ਫੂਕਣ ਲਈ ਵਿਆਜ਼ ਦਰਾਂ ’ਚ ਕਟੌਤੀ ਕਰ ਦਿਤੀ ਹੈ। ਰੇਪੋ ਦਰ 0.25 ਫ਼ੀਸਦੀ ਘਟ ਕੇ ਹੁਣ 6 ਫ਼ੀਸਦੀ ਹੋ ਗਈ ਹੈ, ਜੋ ਪਹਿਲਾਂ 6.25 ਫੀਸਦੀ ਸੀ।ਭਾਰਤੀ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ’ਚ ਮਾਨਿਟਰੀ ਪਾਲਿਸੀ ਕਮੇਟੀ (ਐਮ. ਪੀ. ਸੀ.) ਨੇ ਲਗਾਤਾਰ ਦੂਜੀ ਵਾਰ ਰੇਪੋ ਦਰ ’ਚ ਕਮੀ ਕੀਤੀ ਹੈ।ਇਸ ਨਾਲ ਹੋਮ ਲੋਨ ਅਤੇ ਆਟੋ ਲੋਨ ਸਮੇਤ ਸਾਰੇ ਤਰ੍ਹਾਂ ਦੇ ਕਰਜ਼ੇ ਜਲਦ ਸਸਤੇ ਹੋ ਸਕਦੇ ਹਨ।ਫਲੋਟਿੰਗ ਦਰ ’ਤੇ ਤੁਹਾਡਾ ਲੋਨ ਚਲ ਰਿਹਾ ਹੈ ਤਾਂ ਉਸ ਦੀ ਈ. ਐਮ. ਆਈ. ਵੀ ਘਟ ਹੋ ਜਾਵੇਗੀ।ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਘਰੇਲੂ ਅਰਥਵਿਵਸਥਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਤੌਰ ’ਤੇ ਗਲੋਬਲ ਮੋਰਚੇ ’ਤੇ ਸਥਿਤੀ ਕਮਜ਼ੋਰ ਹੈ।ਇਸ ਨੂੰ ਰਫਤਾਰ ਦੇਣ ਲਈ ਦਰਾਂ ’ਚ ਕਟੌਤੀ ਦੀ ਜ਼ਰੂਰਤ ਸੀ।ਜ਼ਿਕਰਯੋਗ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਮਾਨਿਟਰੀ ਪਾਲਿਸੀ ਕਮੇਟੀ
(ਐਮ. ਪੀ. ਸੀ.) ਨੇ ਰੇਪੋ ਦਰ ’ਚ ਕਮੀ ਕੀਤੀ ਹੈ।ਐਮ. ਪੀ. ਸੀ. ਦੇ 6 ਮੈਂਬਰਾਂ ’ਚੋਂ 4 ਨੇ ਦਰਾਂ ’ਚ ਕਟੌਤੀ ਦੇ ਪਖ ’ਚ ਵੋਟ ਦਿਤੀ, ਜਦੋਂ ਕਿ ਦੋ ਮੈਂਬਰ ਦਰਾਂ ਨੂੰ ਜਿਉਂ ਦੀਆਂ ਤਿਉਂ ਬਣਾਈ ਰਖਣ ਦੇ ਪਖ ਵਿਚ ਸਨ।ਰਿਜ਼ਰਵ ਬੈਂਕ ਨੇ ਰਿਵਰਸ ਰੇਪੋ ਰੇਟ ਵੀ 6 ਫੀਸਦੀ ਤੋਂ ਘਟਾ ਕੇ 5.75 ਫੀਸਦੀ ਕਰ ਦਿਤਾ ਹੈ। ਗਲੋਬਲ ਅਰਥਵਿਵਸਥਾ ਹੋਲੀ ਹੋਣ ਵਿਚਕਾਰ ਇੰਡਸਟਰੀ ਲਈ ਇਹ ਵਡੀ ਰਾਹਤ ਹੈ, ਨਾਲ ਹੀ ਚੁਣਾਵੀ ਮੌਸਮ ’ਚ ਕਰਜ਼ਾ ਲੈਣ ਵਾਲੇ ਲੋਕਾਂ ਨੂੰ ਬੈਂਕਾਂ ਵਲੋਂ ਰਾਹਤ ਮਿਲ ਸਕਦੀ ਹੈ। ਨੀਤੀਗਤ ਦਰਾਂ ’ਚ ਇਕ ਚੌਥਾਈ ਕਟੌਤੀ ਹੋਣ ਨਾਲ ਰਿਹਾਇਸ਼ੀ, ਵਾਹਨ ਤੇ ਨਿਜੀ ਕਰਜ਼ ਸਸਤਾ ਹੋਣ ਦੀ ਉਮੀਦ ਬਣੀ ਹੈ।ਸਾਲ 2016 ਦੇ ਅਖੀਰ ਵਿਚ ਮਾਨਿਟਰੀ ਪਾਲਿਸੀ ਕਮੇਟੀ (ਐਮ. ਪੀ. ਸੀ.) ਦੀ ਸਥਾਪਨਾ ਹੋਣ ਤੋਂ ਬਾਅਦ ਇਹ ਪਹਿਲੀ ਬੈਕ-ਟੂ-ਬੈਕ ਰੇਟ ਕਟੌਤੀ ਹੈ।ਰੇਪੋ ਰੇਟ ਉਹ ਦਰ ਹੈ ਜਿਸ ’ਤੇ ਕੇਂਦਰੀ ਬੈਂਕ ਵਪਾਰਕ ਬੈਂਕਾਂ ਨੂੰ ਥੋੜ੍ਹੇ ਸਮੇਂ ਲਈ ਉਧਾਰ ਦਿੰਦਾ ਹੈ। ਇਸ ’ਚ ਕਮੀ ਹੋਣ ਨਾਲ ਬੈਂਕ ਵੀ ਗਾਹਕਾਂ ਲਈ ਕਰਜ਼ਾ ਸਸਤਾ ਕਰ ਦਿੰਦੇ ਹਨ।ਰਿਜ਼ਰਵ ਬੈਂਕ ਦੀ ਐਮ. ਪੀ. ਸੀ. ਦੀ ਅਗਲੀ ਬੈਠਕ ਜੂਨ ’ਚ 2 ਤੋਂ 6 ਤਰੀਕ ਤਕ ਹੋਵੇਗੀ।