ਸੀ.ਪੀ.ਆਈ. (ਐਮ.ਐਲ.) ਵੱਲੋਂ ਧਰਨਾ ਦੂਜੇ ਦਿਨ ਵੀ ਜਾਰੀ

ਮਾਨਸਾ, 3 ਅਪ੍ਰੈਲ (ਜਗਦੀਸ਼ ਬਾਂਸਲ)- ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ) ਦੀ ਅਗਵਾਹੀ ਹੇਠ ਪਿੰਡ ਰਮਦਿਤੇ ਵਾਲਾ ਵਿਖੇ ਪੁਲਿਸ ਚੌਕੀ ਦੇ ਅਗੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ।ਇਹ ਧਰਨਾ ਪਿੰਡ ਰਮਦਿਤੇ ਵਾਲਾ ਵਿਖੇ ਪੁਲਿਸ ਚੌਕੀ ਨੂੰ ਥਾਣਾ ਸਦਰ ਦੇ ਵਿਚ ਤਬਦੀਲ ਕਰਨ ਦੇ ਖਿਲਾਫ਼ ਦਿਤਾ ਗਿਆ।ਇਸ ਸਮੇਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਲਿਬਰੇਸ਼ਨ ਦੇ ਜਿਲ੍ਹਾ ਆਗੂ ਕਾਮਰੇਡ ਗੁਰਸੇਵਕ ਮਾਨ, ਉਗਰਾਹਾਂ ਬਲਾਕ ਦੇ ਜਰਨਲ ਸਕਤਰ ਭਾਨ ਸਿੰਘ ਬਰਨਾਲਾ ਦਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਕੁੰਭ ਕਰਨੀ ਨੀਂਦ ਸੁਤਾ ਪਿਆ ਹੈ ਅਤੇ ਪਿੰਡ ਵਾਸੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਚੌਕੀ ਨੂੰ ਥਾਣਾ ਸਦਰ ਮਾਨਸਾ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਉਹਨਾਂ ਕਿਹਾ ਜਿਲ੍ਹਾ ਪ੍ਰਸ਼ਾਸ਼ਨ ਦੀ ਇਹ ਕੋਸ਼ਿਸ਼ ਕਾਮਯਾਬ ਨਹੀ ਹੋਣ ਦਿਤੀ ਜਾਵੇਗੀ। ਉਹਨਾਂ ਦਸਿਆ ਕਿ ਬਾਅਦ ਦੁਪਿਹਰ ਡੀ.ਐਸ.ਪੀ ਬਲਵਿੰਦਰ ਸਿੰਘ ਪੰਨੂ ਵਲੋਂ ਧਰਨੇ ਵਿਚ ਆ ਕੇ ਲਿਖਤੀ ਵਿਸ਼ਵਾਸ਼ ਦਵਾਇਆ ਗਿਆ ਕਿ ਇਹ ਥਾਣਾ ਮਾਨਸਾ ਵਿਖੇ ਹੀ ਰਹੇਗਾ ਪਰ ਮਾਨਸਾ ਸਦਰ ਥਾਣੇ ਦੀ ਨਵੀਂ ਬਿਲਡਿੰਗ ਦੀ ਉਸਾਰੀ ਤਕ ਇਹ ਥਾਣਾ ਰਮਦਿਤੇ ਚੌਕੀ ਵਿਚ ਰਹੇਗਾ ਅਤੇ ਬਿਲਡਿੰਗ ਮੁੰਕਮਲ ਹੁੰਦੇ ਹੀ ਵਾਪਿਸ ਮਾਨਸਾ ਤਬਦੀਲ ਕਰ ਦਿਤਾ ਜਾਵੇਗਾ।ਇਸ ਸਮੇਂ ਪਿੰਡ ਰਮਦਿਤੇ ਵਾਲਾ ਦੀ ਪੰਚਾਇਤੀ ਤੇ ਸੰਘਰਸ਼ ਕਮੇਟੀ ਦੇ ਮੈਂਬਰ ਮੌਜੂਦ ਸਨ।ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿਤਾ।ਇਸ ਸਮੇਂ ਪੰਜਾਬ ਕਿਸਾਨ ਯੂਨੀਅਨ ਦੇ ਰਾਮ ਸਿਘ ਗੇਹਲੇ,ਇਨਕਲਾਬੀ ਨੌਜਵਾਨ ਸਭਾ ਦੇ ਗੁਰਪਿਆਰ ਗੇਹਲੇ,ਆਇਸਾ ਦੇ ਰੀਤੂ ਕੌਰ ਰਮਦਿਤੇ ਵਾਲਾ,ਸੁਖਪ੍ਰੀਤ ਕੌਰ,ਸਰਬਜੀਤ ਕੌਰ ਸ਼ਾਮਿਲ ਸਨ।

Send this to a friend