ਭਵਾਨੀਗੜ੍ਹ, 2 ਅਪ੍ਰੈਲ (ਇਕਬਾਲ ਬਾਲੀ)- ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਚੰਨੋ ਵਿਖੇ ਸਥਿਤ ਐਸਬੀਆਈ ਬੈਂਕ ਬ੍ਰਾਂਚ ਅੰਦਰ ਦਾਖਲ ਹੋ ਕੇ ਸਟਰਾਂਗ ਰੂਮ ਨੂੰ ਤੋੜ ਕੇ ਕੈਸ਼ ਲੁਟਣ ਦੀ ਕੋਸ਼ਿਸ਼ ਕੀਤੀ ਗਈ।ਪੂਰੀ ਘਟਨਾ ਬੈਂਕ ਅੰਦਰ ਲਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਬੈਂਕ ਅਧਿਕਾਰੀਆਂ ਵਲੋਂ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿਤਾ ਗਿਆ ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ। ਘਟਨਾ ਸਬੰਧੀ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੈਂਕ ਦੇ ਮੈਨੇਜਰ ਹਿਮਾਂਸ਼ੂ ਕੁਮਾਰ ਮੰਡਲ ਨੇ ਦਸਿਆ ਕਿ ਲੰਘੀ 31 ਮਾਰਚ ਤੇ 1 ਇਕ ਅਪਰੈਲ ਦੀ ਦਰਮਿਆਨੀ ਰਾਤ ਅਣਪਛਾਤੇ ਚੋਰ ਬੈਂਕ ਬ੍ਰਾਂਚ ਦੇ ਬਾਹਰਲੇ ਪਾਸੇ ਲਗੇ ਵਿੰਡੋ ਏ ਸੀ ਵਾਲੀ ਜਗ੍ਹਾ ਤੋਂ ਪਾੜ ਲਗਾ ਕੇ ਬੈਂਕ ਅੰਦਰ ਦਾਖ਼ਲ ਹੋ ਗਏ ਇਸ ਦੌਰਾਨ ਉਨ੍ਹਾਂ ਨੇ ਬੈਂਕ ਅੰਦਰ ਬਣੇ ਕੈਸ਼ ਵਾਲੇ ਸਟਰਾਂਗ ਰੂਮ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ। ਜਿਸ ਵਿਚ ਉਹ ਕਾਮਯਾਬ ਨਾ ਹੋ ਸਕੇ,ਜਾਂਦੇ ਜਾਂਦੇ ਲੁਟੇਰੇ ਬੈਂਕ ਅੰਦਰ ਖੜ੍ਹੇ ਬੈਂਕ ਦੇ ਮੋਟਰਸਾਈਕਲ ‘ਚੋਂ ਪੈਟਰੋਲ ਚੋਰੀ ਕਰਕੇ ਲੈ ਗਏ। ਬੈਂਕ ਅਧਿਕਾਰੀ ਨੇ ਦਸਿਆ ਕਿ ਸਟਰਾਂਗ ਰੂਮ ਵਿਚ ਪਏ ਕੈਸ਼ ਦੇ ਚੋਰੀ ਹੋਣ ਤੋਂ ਬਚਾਅ ਹੋ ਗਿਆ। ਪੁਲਸ ਨੇ ਮਾਮਲੇ ਸਬੰਧੀ ਅਣਪਛਾਤੇ ਵਿਅਕਤੀ /ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਦਸ ਦਈਏ ਕਿ ਪਿਛਲੇ ਦਿਨਾਂ ਦੌਰਾਨ ਇਲਾਕੇ ਵਿਚ ਅਣਪਛਾਤੇ ਲੁਟੇਰਿਆਂ ਵਲੋਂ ਦੋ ਪੈਟਰੋਲ ਪੰਪਾਂ ਤੋਂ ਨਕਦੀ ਲੁਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਜਾ ਚੁਕਾ ਹੈ ਜਿਸ ਸਬੰਧੀ ਪੁਲਸ ਨੂੰ ਹਾਲੇ ਤਕ ਕੋਈ ਵੀ ਸਫਲਤਾ ਪ੍ਰਾਪਤ ਨਹੀਂ ਹੋਈ ਤੇ ਹੁਣ ਤਾਜ਼ਾ ਘਟਨਾ ਵਿਚ ਰਾਤ ਸਮੇਂ ਬੈਂਕ ਲੁਟਣ ਦੀ ਕੀਤੀ ਗਈ ਕੋਸ਼ਿਸ਼ ਦੀ ਸਾਹਮਣੇ ਆਈ ਘਟਨਾ ਨੇ ਇਲਾਕੇ ਵਿਚ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਦਿਤੇ ਹਨ।’