ਪਾਕਿ ਵੱਲੋਂ ਗੋਲੀਬਾਰੀ ’ਚ ਬੀ.ਐਸ.ਐਫ. ਦਾ ਅਧਿਕਾਰੀ ਸ਼ਹੀਦ-ਪੰਜ ਸਾਲਾ ਬੱਚੀ ਦੀ ਮੌਤ

ਪੁਲਵਾਮਾ ’ਚ ਮੁਕਾਬਲੇ ਦੌਰਾਨ ਲਸ਼ਕਰ ਦੇ 4 ਅਤਵਾਦੀ ਢੇਰ

ਸ੍ਰੀਨਗਰ, 1 ਅਪ੍ਰੈਲ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐਲ. ਓ. ਸੀ.) ਨਾਲ ਲਗਦੇ ਇਲਾਕਿਆਂ ’ਚ ਅਜ ਪਾਕਿਸਤਾਨ ਵਲੋਂ ਭਾਰੀ ਗੋਲੀਬਾਰੀ ਕੀਤੀ ਗਈ, ਜਿਸ ਵਿਚ ਬੀ. ਐਸ. ਐਫ. ਦਾ ਇਕ ਅਧਿਕਾਰੀ ਸ਼ਹੀਦ ਹੋ ਗਿਆ, ਜਦੋਂ ਕਿ ਇਕ ਪੰਜ ਸਾਲਾ ਬਚੀ ਦੀ ਮੌਤ ਹੋ ਗਈ। ਗੋਲੀਬਾਰੀ ਕਾਰਨ ਸਰਹਦ ਦੇ ਨੇੜਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦਸਿਆ ਕਿ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਫੌਜ ਵਲੋਂ ਕੀਤੀ ਜੰਗਬੰਦੀ ਦੀ ਉਲੰਘਣਾ ’ਚ ਬੀ. ਐਸ. ਐਫ. ਦਾ ਇਕ ਅਧਿਕਾਰੀ ਸ਼ਹੀਦ ਹੋ ਗਿਆ। ਉਨ੍ਹਾਂ ਦਸਿਆ ਕਿ ਅਜ ਦੁਪਹਿਰ ਵੇਲੇ ਸ਼ਾਹਪੁਰ ਉਪ ਸੈਕਟਰ ਦੇ ਇਕ ਪਿੰਡ ’ਚ ਇਕ ਘਰ ਦੇ ਨੇੜੇ ਇਕ ਗੋਲਾ ਡਿਗਣ ਕਾਰਨ ਇਕ ਬਚੀ ਸੋਬੀਆ (ਪੰਜ ਸਾਲ) ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦਸਿਆ ਕਿ ਛੇ ਜਵਾਨਾਂ ਸਮੇਤ 11 ਲੋਕ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਘਟਨਾ ’ਚ ਛੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੁਰਖਿਆ ਬਲਾਂ ਨੇ ਸੋਮਵਾਰ ਨੂੰ ਮੁਕਾਬਲੇ ਵਿਚ ਲਸ਼ਕਰ-ਏ-ਤਾਇਬਾ ਦੇ ਚਾਰ ਅਤਵਾਦੀਆਂ ਨੂੰ ਮਾਰ ਮੁਕਾਇਆ। ਮੁਠਭੇੜ ਵਾਲੀ ਥਾਂ ਤੋਂ ਇਕ ਰਾਈਫਲ, ਇਕ ਐਸਐਲਆਰ ਅਤੇ ਦੋ ਪਿਸਤੌਲ ਬਰਾਮਦ ਹੋਏ ਹਨ। ਦਸਿਆ ਜਾ ਰਿਹਾ ਹੈ ਕਿ ਸੁਰਖਿਆ ਬਲਾਂ ਨੂੰ ਪੁਲਵਾਮਾ ਦੇ ਲਸੀਪੋਰਾ ਵਿਚ ਅਤਵਾਦੀਆਂ ਦੇ ਛਿਪੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸੁਰਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਇਸ ਦੌਰਾਨ ਅਤਵਾਦੀਆਂ ਨਾਲ ਮੁਕਾਬਲਾ ਹੋ ਗਿਆ। ਇਸ ਵਿਚ ਸੁਰਖਿਆ ਬਲਾਂ ਨੇ ਚਾਰ ਅਤਵਾਦੀਆਂ ਨੂੰ ਢੇਰ ਕਰ ਦਿਤਾ। ਦਸਿਆ ਜਾ ਰਿਹਾ ਹੈ ਕਿ ਮਾਰੇ ਗਏ ਸਾਰੇ ਅਤਵਾਦੀ ਲਸ਼ਕਰ-ਏ-ਤਾਇਬਾ ਦੇ ਸਨ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਪਾਕਿਸਤਾਨ ਦੀ ਫੌਜ ਨੇ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨੇੜੇ ਰਾਜੌਰੀ ਜ਼ਿਲ੍ਹੇ ’ਚ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਰਟਰ ਦਾਗੇ ਅਤੇ ਗੋਲੀਬਾਰੀ ਕੀਤੀ। ਲਗਾਤਾਰ ਤੀਜੇ ਦਿਨ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ। ਬੁਲਾਰੇ ਨੇ ਦਸਿਆ ਕਿ ਪਾਕਿਸਤਾਨ ਦੀ ਫੌਜ ਨੇ ਐਤਵਾਰ ਸਵੇਰੇ ਕਰੀਬ ਨੌ ਵਜੇ ਬਿਨਾਂ ਕਿਸੇ ਉਕਸਾਵੇ ਦੇ ਮੋਰਟਾਰਰ ਦਾਗੇ ਅਤੇ ਰਾਜੌਰੀ ਦੇ ਨੌਸ਼ੇਰਾ ਸੈਕਟਰ ਵਿਚ ਗੋਲੀਬਾਰੀ ਕੀਤੀ। ਭਾਰਤੀ ਫੌਜ ਇਸਦਾ ਮੂੰਹ ਤੋੜ ਜਵਾਬ ਦਿਤਾ।

Send this to a friend