ਚੰਡੀਗੜ੍ਹ, 1 ਅਪ੍ਰੈਲ- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) 2 ਅਪ੍ਰੈਲ ਨੂੰ ਡੇਰਾ ਸਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁਛਗਿਛ ਕਰਨ ਲਈ ਰੋਹਤਕ ਦੀ ਸਨਾਰੀਆ ਜੇਲ੍ਹ ਜਾਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਸ.ਆਈ.ਟੀ. ਡੇਰਾ ਮੁਖੀ ਤੋਂ ਮੁਆਫ਼ੀਨਾਮੇ ਨਾਲ ਜੁੜੇ ਸਵਾਲ ਪੁਛੇਗੀ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਇਸ ਸਮੇਂ ਰੋਹਤਕ ਦੀ ਸਨਾਰੀਆ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਐਸ.ਆਈ.ਟੀ. ਵਲੋਂ ਫਰੀਦਕੋਟ ਦੀ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਡੇਰਾ ਸਚਾ ਸੌਦਾ ਦੇ ਮੁਖੀ ਤੋਂ ਪੁਛਗਿਛ ਕਰਨ ਸਬੰਧੀ ਆਗਿਆ ਮੰਗੀ ਸੀ, ਜਿਸ ਨੂੰ ਅਦਾਲਤ ਨੇ ਪ੍ਰਵਾਨਗੀ ਦੇ ਦਿਤੀ ਸੀ। ਇਥੇ ਵਰਨਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿਚ ਕੁਝ ਡੇਰਾ ਸ਼ਰਧਾਲੂਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਪੰਜਾਬ ਪੁਲਿਸ ਹੁਣ ਤਕ 23 ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕਰ ਚੁਕੀ ਹੈ ਤੇ ਉਨ੍ਹਾਂ ਨੂੰ ਬਰਗਾੜੀ ਬੇਅਦਬੀ ਦੀ ਘਟਨਾ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਜਾਂਚ ਟੀਮ ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਡੇਰਾ ਮੁਖੀ ਵਿਚਾਲੇ ਮੀਟਿੰਗ ਦੀ ਵੀ ਜਾਂਚ ਕਰ ਰਹੀ ਹੈ। ਦਰਅਸਲ, ਡੇਰਾ ਮੁਖੀ ਆਪਣੀ ਫ਼ਿਲਮ ਪੰਜਾਬ ਵਿਚ ਰਿਲੀਜ਼ ਕਰਵਾਉਣਾ ਚਾਹੁੰਦਾ ਸੀ ਤੇ ਪਹਿਲਾਂ ਉਸ ਨੂੰ ਕਥਿਤ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਤੀ ਗਈ। ਇਸ ਮਾਮਲੇ ਵਿਚ ਅਕਸ਼ੇ ਕੁਮਾਰ ਦੀ ਭੂਮਿਕਾ ਵੀ ਮੰਨੀ ਜਾਂਦੀ ਹੈ। ਇਹ ਸਮਝਿਆ ਜਾਂਦਾ ਹੈ ਕਿ ਅਕਸ਼ੇ ਕੁਮਾਰ ਨੇ ਕਥਿਤ ਤੌਰ ’ਤੇ ਸੁਖਬੀਰ ਬਾਦਲ ਅਤੇ ਡੇਰਾ ਮੁਖੀ ਵਿਚਾਲੇ ਮੀਟਿੰਗ ਕਰਵਾਈ ਸੀ। ”