ਮੁਹਾਲੀ ਦੇ ਨਵਾਂ ਗਰਾਓਂ ਥਾਣੇ ਨੇ 24 ਘੰਟੇ ’ਚ ਕਤਲ ਕੇਸ ਦੀ ਗੁੱਥੀ ਸੁਲਝਾਈ-ਦੋ ਮੁਲਜ਼ਮ ਗ੍ਰਿਫ਼ਤਾਰ

ਐਸ.ਏ.ਐਸ. ਨਗਰ/ਮਾਜਰੀ, 27 ਮਾਰਚ- ਮੋਹਾਲੀ ਵਿਚ ਪੈਂਦੇ ਨਵਾਂ ਗਰਾਓਂ ਦੀ ਪੁਲੀਸ ਨੇ ਬੀਤੇ ਕਲ 25 ਮਾਰਚ ਨੂੰ ਰਾਕੇਸ਼ ਕੁਮਾਰ ਉਰਫ਼ ਰਮਨ ਦੇ ਕਤਲ ਕੇਸ ਨੂੰ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਅਜ ਇਥੇ ਸ਼ਾਮੀ ਐਸਐਸਪੀ ਹਰਚਰਨ ਸਿੰਘ ਭੁਲਰ ਨੇ ਜਾਰੀ ਬਿਆਨ ਵਿਚ ਦਸਿਆ ਕਿ ਥਾਣਾ ਨਵਾਂ ਗਰਾਓਂ ਵਿਚ ਊਸ਼ਾ ਰਾਣੀ ਪਤਨੀ ਮਨੋਜ ਕੁਮਾਰ ਵਾਸੀ ਆਦਰਸ਼ ਕਲੋਨੀ ਬਲੌਂਗੀ ਦੇ ਬਿਆਨ ‘ਤੇ ਕੇਸ ਦਰਜ ਕੀਤਾ ਗਿਆ ਸੀ।ਜਿਸ ਵਿਚ ਮੋਹਿਤ, ਗੋਟਾ ਅਤੇ ਰਣਜੀਤ ਨੂੰ ਨਾਮਜ਼ਦ ਕੀਤਾ ਗਿਆ ਹੈ।ਪੁਲੀਸ ਨੂੰ ਇਤਲਾਹ ਦਿਤੀ ਸੀ ਕਿ ਉਸ ਦਾ ਭਤੀਜੇ ਰਾਕੇਸ਼ ਕੁਮਾਰ ਉਰਫ਼ ਰਮਨ ਦਾ ਕਿਰਨ ਪੁਤਰੀ ਕਿਸ਼ਨ ਸਿੰਘ ਵਾਸੀ ਸਿੰਘਾ ਦੇਵੀ ਕਲੋਨੀ ਨਵਾਂ ਗਰਾਓਂ ਦੇ ਘਰ ਆਉਣਾ-ਜਾਣਾ ਸੀ, ਕਦੇ ਕਦੇ ਰਾਕੇਸ਼ ਆਪਣੇ ਦੋਸਤਾਂ ਮੋਹਿਤ ਤੇ ਗੋਟਾ ਵਾਸੀ ਜਨਤਾ ਕਲੋਨੀ ਨਵਾਂ ਗਰਾਓਂ ਅਤੇ ਰਣਜੀਤ ਵਾਸੀ ਸਿੰਘਾ ਦੇਵੀ ਕਲੋਨੀ ਨਵਾਂ ਗਰਾਓਂ ਨਾਲ ਵੀ ਉਨ੍ਹਾਂ ਦੇ ਕੋਲ (ਭੂਆ ਦੇ ਘਰ) ਆਉਂਦਾ ਹੁੰਦਾ ਸੀ।ਬੀਤੀ 25 ਮਾਰਚ ਨੂੰ ਵੀ ਰਾਕੇਸ਼ ਕੁਮਾਰ ਉਸ ਨੂੰ ਇਹ ਦਸ ਕੇ ਗਿਆ ਸੀ ਕਿ ਉਹ ਕਿਰਨ ਦੇ ਘਰ ਚਲਿਆ ਹੈ, ਜਿਥੇ ਉਸ ਦੇ ਦੋਸਤਾਂ ਮੋਹਿਤ, ਗੋਟਾ ਅਤੇ ਰਣਜੀਤ ਨੇ ਪਾਰਟੀ ਰਖੀ ਹੋਈ ਹੈ। ਪ੍ਰੰਤੂ ਰਾਕੇਸ਼ ਕੁਮਾਰ ਉਰਫ ਰਮਨ ਸ਼ਾਮ ਨੂੰ ਵਾਪਸ ਨਹੀਂ ਆਇਆ, ਜਿਸ ਕਰਕੇ ਉਸ ਦੀ ਭਾਲ ਕਰਦੇ ਉਹ ਕਿਰਨ ਦੇ ਘਰ ਪੁਜੇ ਤਾਂ ਕਮਰੇ ਵਿਚ ਬੈਡ ਉਤੇ ਰਾਕੇਸ਼ ਕੁਮਾਰ ਦੀ ਲਾਸ਼ ਖੂਨ ਨਾਲ ਲਥਪਥ ਪਈ ਸੀ। ਜਿਸ ਦੇ ਧੌਣ ਦੇ ਸਜੇ ਪਾਸੇ ਤੇਜ਼ਧਾਰ ਹਥਿਆਰ ਨਾਲ ਡੂੰਘਾ ਜ਼ਖ਼ਮ ਹੋਇਆ ਸੀ, ਜਿਸ ਦੀ ਮੌਤ ਹੋ ਚੁਕੀ ਸੀ।ਐਸਐਸਪੀ ਨੇ ਦਸਿਆ ਕਿ ਕੇਸ ਨੂੰ ਹਲ ਕਰਨ ਲਈ ਵਰੁਣ ਸ਼ਰਮਾ ਆਈ.ਪੀ.ਐਸ, ਕਪਤਾਨ ਪੁਲੀਸ (ਜਾਂਚ) ਮੁਹਾਲੀ, ਹਰਵਿੰਦਰ ਸਿੰਘ ਵਿਰਕ ਐਸਪੀ ਸਿਟੀ, ਮਿਸ ਅਸ਼ਵਨੀ ਗੋਟਿਆਲ ਆਈ.ਪੀ.ਐਸ, ਏਐਸਪੀ ਸਿਟੀ-1 ਮੁਹਾਲੀ ਅਤੇ ਮੁਖ ਅਫ਼ਸਰ ਥਾਣਾ ਨਵਾਂ ਗਰਾਓਂ ਇੰਸਪੈਕਟਰ ਗੁਰਵੰਤ ਸਿੰਘ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿਤੇ ਗਏ ਸਨ। ਜਿਨ੍ਹਾਂ ਨੇ ਵਖ ਵਖ ਪਹਿਲੂਆਂ ‘ਤੇ ਜਾਂਚ ਕਰਦਿਆਂ ਕੜੀ ਨਾਲ ਕੜੀ ਜੋੜਦਿਆਂ ਇਸ ਮੁਕਦਮਾ ਦੇ ਦੋ ਮੁਲਜ਼ਮਾਂ ਨੂੰ 24 ਘੰਟੇ ਦੇ ਅੰਦਰ ਅੰਦਰ ਟਰੇਸ ਕਰਕੇ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆਂ ਗਿਆ ਛੁਰਾ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਮੁਕਦਮਾ ਦੇ ਤੀਜੇ ਮੁਲਜ਼ਮ ਰਣਜੀਤ ਦੀ ਗ੍ਰਿਫ਼ਤਾਰੀ ਬਾਕੀ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਉਸ ਦੇ ਸ਼ਕੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਮੁਢਲੀ ਪੁਛਗਿਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਪੁਛਗਿਛ ਦੌਰਾਨ ਦਸਿਆ ਹੈ ਕਿ ਉਹਨਾਂ ਨੇ ਇਹ ਕਤਲ ਰਾਕੇਸ਼ ਕੁਮਾਰ ਉਰਫ ਰਮਨ ਦੀ ਕਿਰਨ ਨਾਲ ਹੋਈ ਦੋਸਤੀ ਦੀ ਰੰਜਿਸ ਵਿਚ ਕੀਤਾ ਹੈ ਕਿਉਂਕਿ ਪਹਿਲਾਂ ਕਿਰਨ ਦੀ ਇਨ੍ਹਾਂ ਦੋਵਾਂ ਨਾਲ ਦੋਸਤੀ ਸੀ ਅਤੇ ਹੁਣ ਕਿਰਨ ਨਾਲ ਰਾਕੇਸ਼ ਕੁਮਾਰ ਉਰਫ ਰਮਨ ਦੀ ਦੋਸਤੀ ਹੋ ਗਈ ਸੀ। ਮੁਲਜ਼ਮਾਂ ਪਾਸੋਂ ਹੋਰ ਪੁਛਗਿਛ ਕੀਤੀ ਜਾ ਰਹੀ ਹੈ।

Send this to a friend