ਪੁਲਾੜ ’ਚ ਮਿਜ਼ਾਇਲ ਦੀ ਵਰਤੋਂ ਕਰਕੇ ਚੌਥੀ ਮਹਾਂਸ਼ਕਤੀ ਬਣਿਆ ਭਾਰਤ

ਪ੍ਰਧਾਨ ਮੰਤਰੀ ਵੱਲੋਂ ਵਿਸ਼ੇਸ਼ ਸੰਦੇਸ਼ ਰਾਹੀਂ ਦਿੱਤੀ ਗਈ ਜਾਣਕਰੀ

ਨਵੀਂ ਦਿਲੀ, 27 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਰਾਸ਼ਟਰ ਦੇ ਨਾਂਅ ਆਪਣਾ ਮਹਤਵਪੂਰਨ ਸੰਦੇਸ਼ ਦੇਣ ਦੌਰਾਨ ਖੁਲਾਸਾ ਕੀਤਾ ਕਿ ਭਾਰਤ ਨੇ ਅਜ ਲੋਅ ਅਰਥ ਆਰਬਿਟ ’ਚ ਘੁੰਮ ਰਹੇ ਇਕ ਲਾਈਵ ਸੈਟੇਲਾਈਟ ਨੂੰ ਦੂਸਰੇ ਸੈਟੇਲਾਈਟ ਜ਼ਰੀਏ ਐਂਟੀ ਸੈਟੇਲਾਈਟ ਮਿਜ਼ਾਈਲ ਨਾਲ ਤਬਾਹ ਕਰ ਦਿੱਤਾ। ਪੀ.ਐਮ. ਮੋਦੀ ਨੇ ਕਿਹਾ ਕਿ ਭਾਰਤ ਨੇ ਅੱਜ ਆਪਣਾ ਨਾਂਅ ਪੁਲਾੜ ਮਹਾਂਸ਼ਕਤੀ ਦੇ ਤੌਰ ’ਤੇ ਦਰਜ ਕੀਤਾ ਹੈ। ਹੁਣ ਤਕ ਦੁਨੀਆ ਦੇ ਸਿਰਫ਼ ਤਿੰਨ ਦੇਸ਼ ਅਮਰੀਕਾ, ਰੂਸ ਅਤੇ ਚੀਨ ਨੇ ਇਹ ਉਪਲਬਧੀ ਹਾਸਲ ਕੀਤੀ ਸੀ। ਹੁਣ ਭਾਰਤ ਚੌਥਾ ਦੇਸ਼ ਹੈ ਜਿਸ ਨੇ ਅਜ ਇਹ ਪ੍ਰਸਿਧੀ ਪ੍ਰਾਪਤ ਕੀਤੀ ਹੈ। ਹਰ ਹਿੰਦੁਸਤਾਨੀ ਲਈ ਇਸ ਤੋਂ ਜ਼ਿਆਦਾ ਮਾਣ ਵਾਲਾ ਪਲ ਨਹੀਂ ਹੋ ਸਕਦਾ। ਕੁਝ ਸਮਾਂ ਪਹਿਲਾਂ ਸਾਡੇ ਵਿਗਿਆਨੀਆਂ ਨੇ ਪੁਲਾੜ ’ਚ 300 ਕਿਲੋਮੀਟਰ ਦੂਰ ਲਾਈਵ ਆਰਬਿਟ ਨੂੰ ਸੁਟਿਆ ਸੀ। ਇਹ ਇਕ ਪਹਿਲਾਂ ਨਿਰਧਾਰਤ ਨਿਸ਼ਾਨਾਂ ਸੀ। ਉਨ੍ਹਾਂ ਦਸਿਆ ਕਿ ‘ਮਿਸ਼ਨ ਸ਼ਕਤੀ’ ਨਾਂਅ ਦਾ ਇਹ ਪ੍ਰੋਜੈਕਟ ਬਹੁਤ ਅਹਿਮ ਸੀ। ਇਸ ਲਈ ਬਹੁਤ ਤਕਨੀਕੀ ਸਮਰਥਾ ਦੀ ਜ਼ਰੂਰਤ ਸੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਅਜ ਪੁਲਾੜ ਦੇ ਇਤਿਹਾਸ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਹੁਣ ਭਾਰਤ ਇਕ ਮਿਸਾਇਲ ਰਾਹੀਂ ਕਿਸੇ ਸੈਟੇਲਾਇਟ ਨੂੰ ਵੀ ਮਾਰ ਗਿਰਾਉਣ ਦੀ ਸਮਰਥਾ ਦਾ ਮਾਲਕ ਹੋ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿਤੀ। ਉਨ੍ਹਾਂ ਦਸਿਆ ਕਿ ਇਹ ਸਫ਼ਲ ਤਜਰਬਾ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਸੰਧੀ ਦੀ ਕੋਈ ਉਲੰਘਣਾ ਨਹੀਂ ਕੀਤੀ ਗਈ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੇ ਇਹ ਤਜਰਬਾ ਕਿਸੇ ਦੇਸ਼ ਦੇ ਵਿਰੁਧ ਨਹੀਂ ਕੀਤਾ। ਸ੍ਰੀ ਮੋਦੀ ਨੇ ਦਸਿਆ ਕਿ ਭਾਰਤ ਨੇ ਮਿਸਾਇਲ ਰਾਹੀਂ ਧਰਤੀ ਤੋਂ 300 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਪਹਿਲਾਂ ਤੋਂ ਨਿਰਧਾਰਤ ਇਕ ਨਿਸ਼ਾਨੇ – ਉਪਗ੍ਰਹਿ ਨੂੰ ਮਾਰ ਗਿਰਾਇਆ। ਉਨ੍ਹਾਂ ਦਸਿਆ ਕਿ 300 ਕਿਲੋਮੀਟਰ ਦੀ ਦੂਰੀ ’ਤੇ ਮੌਜੂਦ ਨਿਸ਼ਾਨਾ ਸਿਰਫ਼ ਤਿੰਨ ਮਿੰਟਾਂ ਅੰਦਰ ਹੀ ਵਿੰਨ੍ਹ ਦਿਤਾ ਗਿਆ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਨੂੰ ਸਿਰਫ਼ ਜ਼ਮੀਨ, ਸਮੁੰਦਰ ਤੇ ਹਵਾ ਤੋਂ ਹੀ ਨਹੀਂ, ਸਗੋਂ ਪੁਲਾੜ ਤੋਂ ਵੀ ਖ਼ਤਰਾ ਹੈ। ਹੁਣ ਭਾਰਤ ਪੁਲਾੜ ਦੇ ਖ਼ਤਰਿਆਂ ਦਾ ਸਾਹਮਣਾ ਕਰਨ ਦੇ ਵੀ ਸਮਰਥ ਹੋ ਗਿਆ ਹੈ। ਸ੍ਰੀ ਮੋਦੀ ਨੇ ਆਪਣਾ ਅਹਿਮ ਸੰਦੇਸ਼ ਤਿੰਨ ਵਾਰ ‘ਭਾਰਤ ਮਾਤਾ ਕੀ ਜੈ’ ਆਖ ਕੇ ਖ਼ਤਮ ਕੀਤਾ।

Send this to a friend