ਹਲਕਾ ਭੁੱਚੋ ਤੋਂ ਕਾਂਗਰਸ ਵੱਡੀ ਲੀਡ ਪ੍ਰਾਪਤ ਕਰੇਗੀ : ਜਸ ਬਜੋਆਣਾ

ਨਥਾਣਾ/ਭੁੱਚੋ ਮੰਡੀ, 25 ਮਾਰਚ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਹਲਕਾ ਭੁੱਚੋ ਦੇ ਕਾਂਗਰਸੀ ਆਗੂ ਅਤੇ ਬੱਜੋਆਣਾ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਜੱਸ ਬਜੋਆਣਾ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ ਇਸ ਵਾਰ ਕਾਂਗਰਸ ਹਲਕਾ ਭੁੱਚੋ ਮੰਡੀ ਤੋਂ ਚੰਗੀ ਕਾਰਗੁਜ਼ਾਰੀ ਦਿਖਾਉਂਦਿਆਂ ਵੱਡੀ ਲੀਡ ਪ੍ਰਾਪਤ ਕਰੇਗੀ। ਕਿਉਂਕੀ ਇਸ ਵਾਰ ਲੋਕਾਂ ਦਾ ਅਕਾਲੀ,ਭਾਜਪਾ ਗਠਜੋੜ ਤੋਂ ਮੋਹ ਭੰਗ ਹੋ ਗਿਆ ਹੈ,ਇਸ ਵਾਰ ਅਕਾਲੀ ਦਲ ਦੇ ਆਗੂਆਂ ਦਾ ਬਰਗਾੜੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਹੱਥ ਹੋਣ ਦੇ ਸਬੂਤ ਮਿਲਣ ਕਾਰਨ ਅਕਾਲੀ ਆਗੂਆਂ ਦੇ ਚੇਹਰੇ ਨੰਗੇ ਹੋਣ ਕਰਕੇ ਲੋਕ ਇਹਨਾਂ ਦਾ ਵਿਰੋਧ ਕਰ ਰਹੇ ਹਨ। ਇਸ ਕਰਕੇ ਅਕਾਲੀ ਦਲ ਇਸ ਵਾਰ ਪਿੰਡਾਂ ਵਿੱਚ ਜਾਣ ਤੋਂ ਵੀ ਕੰਨ੍ਹੀ ਕਤਰਾਵੇਗਾ, ਟਕਸਾਲੀ ਅਕਾਲੀ ਜੋ ਕਿ ਬਾਦਲ ਦਲ ਵਿੱਚ ਸੀਨੀਅਰ ਆਗੂ ਸਨ। ਉਹ ਵੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਪਣਾ ਵੱਖਰਾ ਟਕਸਾਲੀ ਅਕਾਲੀ ਦਲ ਬਣਾਕੇ ਆਪਣੇ ਤੋਰ ਤੇ ਚੋਣਾ ਲੜ੍ਹ ਰਹੇ ਹਨ,ਜਿਸ ਦਾ ਬਾਦਲ ਦਲ ਨੂੰ ਵੱਡਾ ਖ਼ੋਰਾ ਲੱਗੇਗਾ।ਸੁਖਪਾਲ ਖਹਿਰਾ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਖੜਾ ਹੋਣ ਬਾਰੇ ਉਹਨਾਂ ਕਿਹਾ ਬਠਿੰਡਾ ਵਿੱਚ ਖਹਿਰਾ ਦਾ ਕੋਈ ਅਧਾਰ ਨਹੀਂ ਹੈ,ਉਹ ਬਠਿੰਡਾ ਸੀਟ ਤੋ ਆਪਣੀ ਜ਼ਮਾਨਤ ਜ਼ਬਤ ਕਰਵਾ ਕੇ ਜਾਵੇਗਾ ਭੁੱਚੋ ਹਲਕੇ ਦੇ ਲੋਕਾਂ ਨੇ ਤਾਂ ਖ਼ਹਿਰੇ ਦੀ ਸ਼ਕਲ ਵੀ ਨਹੀਂ ਦੇਖੀ ਜਦੋਂ ਕਿ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਹਲਕੇ ਦੇ ਵਿਕਾਸ ਦੀ ਕੋਈ ਕਸਰ ਨਹੀਂ ਛੱਡੀ, ਉਨ੍ਹਾਂ ਪਿੰਡ ਦੀਆਂ ਪੰਚਾਇਤਾਂ ਅਤੇ ਨਗਰ ਪੰਚਾਇਤਾਂ ਨੂੰ ਵਿਕਾਸ ਲਈ ਫੰਡ ਜ਼ਾਰੀ ਕੀਤੇ ਹਨ,ਜਿਸ ਕਰਕੇ ਪਿੰਡਾਂ ਦੇ ਵਿਕਾਸ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਅਤੇ ਇਸ ਵਾਰ ਲੋਕ ਵਿਕਾਸ ਵੇਖ ਕੇ ਵੋਟਾ ਪਾਉਣਗੇ। ਆਮ ਆਦਮੀ ਪਾਰਟੀ ਦੀ ਪਿਛਲੀ ਵਾਰ ਵਧੀਆ ਕਾਰ ਗੁਜ਼ਾਰੀ ਬਾਰੇ ਪੁੱਛਣ ਤੇ ਜਸ ਬੱਜੋਆਣਾ ਨੇ ਕਿਹਾ ਕਿ ਇਸ ਵਾਰ ਲੋਕ ਉਨ੍ਹਾਂ ਦਾ ਹਸ਼ਰ ਦੇਖ ਚੁੱਕੇ ਹਨ, ਕਿਉਂਕੀ ਉਸ ਪਾਰਟੀ ਵਿੱਚ ਕੋਈ ਵਧੀਆ ਲੀਡਰ ਨਹੀਂ ਜੋ ਲੋਕਾ ਨੂੰ ਨਾਲ ਲੈ ਕੇ ਚੱਲ ਸਕੇ ਸਭ ਆਪਣੀ-ਆਪਣੀ ਡੱਫਲੀ ਵਜਾਉਣ ਵਾਲੇ ਬਰਸਾਤੀ ਡੱਡੂ ਇਕੱਠੇ ਹੋੲੋ ਹਨ, ਜੋ ਸਭ ਕੁਰਸੀ ਖ਼ਾਤਰ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਨ ਅਤੇ ਪਾਰਟੀ ਤੇ ਕਿਸੇ ਆਗੂ ਦੀ ਪਕੜ ਨਹੀਂ ਹੈ, ਆਪ ਦਾ ਝਾੜੂ ਤਾਂ ਪਹਿਲਾਂ ਹੀ ਤੀਲਾ-ਤੀਲਾ ਹੋ ਗਿਆ ਹੈ ਅਤੇ ਹੁਣ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਉਠ ਗਿਆ ਹੈ, ਲੋਕ ਦੁਬਾਰਾ ਇਹਨਾਂ ਨੂੰ ਵੋਟ ਪਾਉਣ ਦੀ ਗਲਤੀ ਨਹੀਂ ਕਰਣਗੇ, ਇਸ ਲਈ ਇਸ ਵਾਰ ਲੋਕ ਵੱਡੀ ਗਿਣਤੀ ਵਿੱਚ ਕਾਂਗਰਸ ਨੂੰ ਵੋਟਾਂ ਪਾ ਕੇ ਵੱਡੇ ਫ਼ਰਕ ਨਾਲ ਜਿਤਾਉਣਗੇ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਜਤਿੰਦਰ ਗੋਗੀ, ਜੱਗਾ ਨਾਥਪੁਰਾ, ਮਹਿੰਦਰ ਸਿੰਘ ਖਾਲਸਾ ਨਾਥਪੁਰਾ, ਰਿੱਚੀ ਨਥਾਣਾ, ਸਰਬਜੀਤ ਨਥਾਣਾ, ਮਾਸਟਰ ਗੁਰਬਚਨ ਸਿੰਘ ਨਥਾਣਾ ਆਦਿ ਆਗੂ ਹਾਜ਼ਰ ਸਨ।

Send this to a friend