ਜ਼ਿਲ੍ਹੇ ’ਚ ਸਫ਼ਾਈ ਮੁਹਿੰਮ ਚਲਾ ਕੇ ਦਿਤੀ ਜਾਵੇਗੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ

ਮਾਨਸਾ, 22 ਮਾਰਚ (ਜਗਦੀਸ਼ ਬਾਂਸਲ)- 23 ਮਾਰਚ ਨੂੰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸ਼ਨੀਵਾਰ ਸ਼੍ਰਮਦਾਨ ਮਿਸ਼ਨ ਸਵੇਰੇ 6:30 ਵਜੇ ਸਥਾਨਕ ਬਚਤ ਭਵਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਮਾਨਸਾ ਸ਼ਹਿਰ ਦੀ ਸਫਾਈ ਕੀਤੀ ਜਾਵੇਗੀ। ਇਸ ਸਬੰਧੀ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਦਸਿਆ ਕਿ ਮਾਨਸਾ ਜ਼ਿਲ੍ਹੇ ਨੂੰ ਸਾਫ ਸੁਥਰਾ ਰਖਣ ਲਈ ਇਹ ਮੁਹਿੰਮ ਵਿਢੀ ਗਈ ਹੈ।ਇਸ ਮੁਹਿੰਮ ਤਹਿਤ ਜ਼ਿਲ੍ਹਾ ਮਾਨਸਾ ‘ਚ ਵਖ ਵਖ ਥਾਵਾਂ ‘ਤੇ ਲਗਾਤਾਰ ਛੇ ਹਫਤੇ ਤਕ ਸਫਾਈ ਕੀਤੀ ਜਾਵੇਗੀ ਜਿਸ ਵਿਚ ਸਾਰੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਆਪਣਾ ਹਿਸਾ ਪਾਉਣਗੇ। ਉਨ੍ਹਾਂ ਦਸਿਆ ਕਿ ਕਲ੍ਹ ਸ਼ਹਿਰ ਦੇ ਤਿੰਨ ਕੋਨੀ ਚੌਂਕ, ਲਿੰਕ ਰੋਡ, ਕੋਰਟ ਰੋਡ, ਸਿਨੇਮਾ ਰੋਡ, 12 ਹਟਾਂ ਚੌਂਕ ਅਤੇ ਸਬਜੀ ਮੰਡੀ ਦੇ ਆਸ ਪਾਸ ਦੇ ਇਲਾਕਿਆਂ ਦੀ ਸਫ਼ਾਈ ਕੀਤੀ ਜਾਵੇਗੀ ਜਿਸ ਲਈ ਸਬੰਧਤ ਵਿਭਾਗਾਂ ਨੂੰ ਏਰੀਏ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਰੇਹੜ੍ਹੀ ਵਾਲਿਆਂ ਨੂੰ ਡਸਟਬਿਨ ਵੰਡੇ ਜਾਣਗੇ ਅਤੇ ਉਹ ਆਪਣਾ ਕੂੜਾ ਕਰਕਟ ਇਨ੍ਹਾਂ ਡਸਟਬਿਨਾਂ ਵਿਚ ਪਾਉਣਗੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਅਗਲੇਰੀ ਚੈਕਿੰਗ ਦੌਰਾਨ ਉਨ੍ਹਾਂ ਦਾ ਚਲਾਣ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਬੰਧਤ ਵਿਭਾਗ ਅਗਲੇ ਹਫ਼ਤੇ ਤਕ ਮੋਨੀਟਰਿੰਗ ਵੀ ਕਰਨਗੇ।ਇਸ ਮੌਕੇ ਸਾਰੇ ਅਫਸਰਾਂ ਅਤੇ ਕਰਮਚਾਰੀਆਂ ਵਲੋਂ ਫਰਜ਼ ਪ੍ਰਤੀ ਤਨਦੇਹੀ, ਨਿਰਸਵਾਰਥ ਅਤੇ ਸਮਰਪਣ ਸਬੰਧੀ ਸਹੁੰ ਵੀ ਚੁਕੀ ਜਾਵੇਗੀ।ਇਸ ਮੌਕੇ ਐਸ.ਡੀ.ਐਮ. ਮਾਨਸਾ ਸ. ਅਭੀਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਸ. ਆਦਿਤਯ ਢਚਵਾਲ, ੇ ਐਸ.ਡੀ.ਐਮ. ਸਰਦੂਲਗੜ੍ਹ ਸ. ਲਤੀਫ਼ ਅਹਿਮਦ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਦਿਨੇਸ਼ ਵਸ਼ਿਸ਼ਟ, ਡੀ.ਐਸ.ਪੀ. (ਹੈਡਕੁਆਰਟਰ) ਸ. ਸਰਬਜੀਤ ਸਿੰਘ ਤੋਂ ਇਲਾਵਾ ਵਖ-ਵਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

Send this to a friend