ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸੁਨਾਮ ਵਿਖੇ ਕੀਤੀ ਗਈ ਵਰਕਰ ਮਿਲਣੀ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ

ਸੁਨਾਮ ਉਧਮ ਸਿੰਘ ਵਾਲਾ, 22 ਮਾਰਚ (ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ)- ਸਥਾਨਕ ਮਹਾਰਾਜਾ ਪੇਲੈਸ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸੁਨਾਮ ਹਲਕੇ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵਰਕਰ ਮਿਲਣੀ ਸਮਾਰੋਹ ਕਰਵਾਇਆ ਗਿਆ, ਜੋ ਕਿ ਇਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਿਆ। ਇਸ ਵਰਕਰ ਮਿਲਣੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਵੀਰ ਸਿੰਘ ਬਾਦਲ, ਸਾਬਕਾ ਵਿੱਤ ਮੰਤਰੀ ਸ੍ਰ. ਪਰਮਿੰਦਰ ਸਿੰਘ ਢੀਂਡਸਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਅਤੇ ਚਮਕੌਰ ਸਿੰਘ ਸ਼ਾਹਪੁਰ ਨੇ ਸ਼ਿਰਕਤ ਕੀਤੀ। ਇਸ ਸਮੇਂ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ, ਪਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲਾਂ ਤੋਂ ਬਾਹਰ ਹੀ ਨਹੀਂ ਨਿਕਲਦੇ, ਜਦ ਫੌਜ ਦੇ ਜਰਨੈਲ ਦਾ ਕੁਝ ਪਤਾ ਨਹੀਂ, ਉਨ੍ਹਾਂ ਦੀਆਂ ਫੌਜਾਂ ਕਿੱਥੇ ਹਨ ਤਾਂ ਫਿਰ ਜੰਗ ਕਿਵੇਂ ਜਿੱਤਣਗੇ। ਉਨ੍ਹਾਂ ਕਿਹਾ ਕਿ ਦੋ ਸਾਲ ਹੋ ਗਏ ਸਰਕਾਰ ਬਣੀ ਨੂੰ, ਜੋ ਵੀ ਅਕਾਲੀ ਦਲ ਨੇ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਹੋਈਆਂ ਸਨ ਅਤੇ ਜਿਹੜੇ ਕੰਮ ਤੇਜੀ ਨਾਲ ਚੱਲ ਰਹੇ ਸਨ, ਉਹ ਬਿਲਕੁਲ ਬੰਦ ਹੋ ਚੂੱਕੇ ਹਨ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਵਿਸ਼ੇਸ਼ ਟੀਮ (ਸਿਟ) ਦਾ ਪੜਤਾਲੀਆ ਅਫਸਰ ਰਾਜਨੀਤੀ ਕਰਨ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਸਿਟ ਦੇ ਪੜਤਾਲੀਆ ਅਫਸਰ ਨੂੰ ਨਿਰਪੱਖ ਹੋ ਕੇ ਜਾਂਚ ਕਰਨੀ ਚਹੀਦੀ ਹੈ। ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਵਾਰ ਕਰਦੇ ਹੋਏ ਕਿਹਾ ਕਿ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਮਝੌਤਾ ਕਰਨ ਨੂੰ ਫਿਰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਭਾਜਪਾ ਇੱਕ ਪਾਸੇ ਅਤੇ ਦੂਜਿਆਂ ਸਾਰੀਆਂ ਪਾਰਟੀਆਂ ਅਕਾਲੀ ਦਲ ਦੇ ਖਿਲਾਪ ਲੜਾਈ ਲੜ ਰਹੀਆਂ ਹਨ। ਸ਼੍ਰੀ ਬਾਦਲ ਨੇ ਇਸ ਸਮੇਂ ਕਿਹਾ ਕਿ ਜਲਦ ਹੀ ਅਕਾਲੀ ਦਲ ਵੱਲੋਂ ਪਹਿਲੇ ਗੇੜ ਦੇ ਉਮੀਦਵਾਰਾਂ ਦੀ ਲਿਸਟ 2-3 ਦਿਨਾਂ ਵਿਚ ਹੀ ਜਾਰੀ ਕਰਕੇ ਟਿਕਟਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਸਮੇਂ ਸਾਬਕਾ ਵਿੱਤ ਮੰਤਰੀ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਰੇ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਰ ਸਮੇਂ ਇਕੱਠੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜਿੰਨੇ ਵੀ ਵਾਅਦੇ ਕੀਤੇ ਸਨ, ਉਹ ਅਜੇ ਤੱਕ ਪੂਰੇ ਨਹੀਂ ਕੀਤੇ, ਜੋ ਵੀ ਪੰਜਾਬ ਅੰਦਰ ਆਟਾ ਦਾਲ ਸਕੀਮ ਚੱਲ ਰਹੀ ਹੈ, ਉਹ ਅਕਾਲੀ ਦਲ ਦੀ ਹੀ ਦੇਣ ਹੈ, ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਪੰਜਾਬ ਦੇ ਭੋਲੇ ਭਾਲੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਇਸ ਸਮੇਂ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਮੁੱਖ ਬੁਲਾਰੇ ਸ੍ਰ. ਵਿਨਰਜੀਤ ਸਿੰਘ ਖਡਿਆਲ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਵਿੰਦਰ ਸਿੰਘ ਚੀਮਾ, ਜਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਹਾਂਡਾ, ਅਮਨਵੀਰ ਚੈਰੀ, ਰਜਿੰਦਰ ਦੀਪਾ, ਮੈਡਮ ਸੁਨੀਤਾ ਸ਼ਰਮਾ, ਸਤਿਗੁਰ ਨਮੋਲ, ਯੂਥ ਜਿਲ੍ਹਾ ਪ੍ਰਧਾਨ ਹਰਪਾਲ ਖਡਿਆਲ, ਗੁਰਚਰਨ ਸਿੰਘ ਚੰਨਾ, ਸੁਰਨੇਸ਼ ਸਿੰਗਲਾ, ਮਨਿੰਦਰ ਸਿੰਘ ਲਖਮੀਰਵਾਲਾ, ਸਤਵੰਤ ਸਿੰਘ ਲਖਵੀਰਵਾਲਾ, ਰਾਵਿੰਦਰ ਰਿੰਕੂ, ਪ੍ਰਭਸ਼ਰਨ ਸਿੰਘ ਬੱਬੂ, ਰਾਜੇਸ਼ ਗਰਗ, ਕੇਸਰ ਸਿੰਘ ਢੋਟ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਅਤੇ ਵਰਕਰ ਮੌਜੂਦ ਸਨ।

Send this to a friend