ਸ੍ਰੀ ਅਨੰਦਪੁਰ ਸਾਹਿਬ, 7 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਖਾਲਸਾ ਪੰਥ ਜੀ ਦੇ ਪ੍ਰਗਟ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਲਾਨਾ ਕੌਮੀ ਤਿਉਹਾਰ ਹੋਲਾ ਮਹੱਲਾ 2019 ਨੂੰ ਚੜ੍ਹਦੀਕਲਾ ਵਿੱਚ ਮਨਾਉਣ ਸਬੰਧੀ ਪ੍ਰੋਗਰਾਮਾਂ ਦੀ ਰੂਪ-ਰੇਖਾ, ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੀਤੇ ਜਾਣ ਵਾਲੇ ਸਾਰੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪ੍ਰਬੰਧਕਾਂ ਵੱਲੋਂ ਮੁਕੰਮਲ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 8 ਮਾਰਚ ਨੂੰ ਸਵੇਰੇ 10 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਭਾਈ ਬਚਿੱਤਰ ਸਿੰਘ ਯਾਤਰੀ ਨਿਵਾਸ ਦਾ ਉਦਘਾਟਨ ਕਰਨਗੇ। ਭਾਈ ਬਚਿੱਤਰ ਸਿੰਘ ਯਾਤਰੀ ਨਿਵਾਸ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋ ਕੇ ਤਿਆਰ ਹੋ ਚੁੱਕਾ ਹੈ ਅਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਕੌਮੀ ਤਿਉਹਾਰ ਹੋਲਾ ਮਹੱਲਾ ਤੋਂ ਪਹਿਲਾਂ ਪਹਿਲਾਂ ਇਹ ਯਾਤਰੀ ਨਿਵਾਸ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆ ਸਕੇ। ਭਾਈ ਚਾਵਲਾ ਨੇ ਕਿਹਾ ਕਿ ਹੋਲਾ ਮਹੱਲਾ ਅਤੇ ਖਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਤਿਉਹਾਰਾਂ ਸਮੇਂ ਸੰਗਤ ਦੀ ਵੱਡੀ ਗਿਣਤੀ ਸਾਹਮਣੇ ਕੋਈ ਪ੍ਰਬੰਧ ਪੂਰੇ ਨਹੀਂ ਪੈ ਸਕਦੇ ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਯਤਨ ਹੁੰਦਾ ਹੈ ਕਿ ਸੰਗਤ ਦੀ ਸਹੂਲਤ ਲਈ ਰਿਹਾਇਸ਼, ਲੰਗਰ, ਪਾਣੀ ਅਤੇ ਸਿਹਤ ਸੇਵਾਵਾਂ ਦਾ ਵਿਸ਼ੇਸ ਤੌਰ ਤੇ ਯੋਗ ਪ੍ਰਬੰਧ ਕੀਤਾ ਜਾਵੇ। ਇਸ ਮਕਸਦ ਲਈ ਜਿੱਥੇ ਵੱਖ ਵੱਖ ਸੰਪ੍ਰਦਾਵਾਂ, ਜਥੇਬੰਦੀਆਂ, ਸੰਤਾਂ ਮਹਾਂਪੁਰਸ਼ਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਂਦਾ ਹੈ, ਉਥੇ ਲੋਕਲ ਇਲਾਕੇ ਦੀਆਂ ਸੰਗਤਾਂ ਦਾ ਸਹਿਯੋਗ ਵੀ ਪ੍ਰਾਪਤ ਕੀਤਾ ਜਾਂਦਾ ਹੈ।