ਪਟਿਾਲਾ, 7 ਮਾਰਚ- ਖ਼ਾਲਸਾ ਕਾਲਜ ਪਟਿਆਲਾ ਵੱਲੋਂ ਆਯੋਜਿਤ ਦੂਜੀ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫ਼ਰੰਸ ਦਾ ਸ਼ੁਭ ਆਗਾਜ਼ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰ੍ਰਿਤਸਰ ਸਾਹਿਬ ਨੇ ਉਦਘਾਟਨੀ ਸਮਾਰੋਹ ਦੌਰਾਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕਾਲਜ ਵੱਲੋਂ ਆਯੋਜਿਤ ਇਹ ਕਾਨਫ਼ਰੰਸ ਸ੍ਰੀ ਗਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਸ. ਬਲਵਿੰਦਰ ਸਿੰਘ ਜੀ ਭੂੰਦੜ, ਮੈਂਬਰ ਪਾਰਲੀਮੈਂਟ, ਨੇ ਕੀਤੀ ਅਤੇ ਕੁੰਜੀਵਤ ਭਾਸ਼ਣ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਕਾਨਫ਼ਰੰਸ ਦੇ ਉਦੇਸ਼ ’ਤੇ ਚਾਨਣਾ ਪਾਇਆ। ਇਸ ਮੌਕੇ ਕਾਨਫ਼ਰੰਸ ਦਾ ਸੋਵੀਨਰ ਵੀ ਰਿਲੀਜ਼ ਕੀਤਾ ਗਿਆ ਅਤੇ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਸੰਪਾਦਿਤ ਕੀਤੀ ਗਈ ਪੁਸਤਕ ‘ਪੰਜਾਬੀ ਭਾਸ਼ਾ, ਸਥਿਤੀ ਤੇ ਸੰਭਾਵਨਾਵਾਂ’ ਵੀ ਰਿਲੀਜ਼ ਕੀਤੀ ਗਈ। ਸ. ਸੁਰਜੀਤ ਸਿੰਘ ਰੱਖੜਾ, ਆਨਰੇਰੀ ਸਕੱਤਰ, ਕਾਲਜ ਗਵਰਨਿੰਗ ਬਾਡੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਦੌਰਾਨ ਡਾ. ਰਤਨ ਸਿੰਘ ਜੱਗੀ ਨੂੰ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਖ਼ਾਲਸਾ ਕਾਲਜ ਗਲੋਬਲ ਪੰਜਾਬ ਰਤਨ ਐਵਾਰਡ-2019 ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਰਵਣ ਸਿੰਘ ਨੂੰ ਉਨ੍ਹਾਂ ਦੇ ਸਾਹਿਤ ਅਤੇ ਖੇਡਾਂ ਵਿੱਚ, ਡਾ. ਗੁਰਨਾਮ ਸਿੰਘ ਨੂੰ ਗੁਰਮਤਿ ਸੰਗੀਤ ਦੇ ਖੇਤਰ ਵਿੱਚ, ਪ੍ਰੋ. ਗੁਰਭਜਨ ਗਿੱਲ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿੱਚ, ਡਾ. ਸਤੀਸ਼ ਕੁਮਾਰ ਵਰਮਾ ਨੂੰ ਪੰਜਾਬੀ ਰੰਗ ਮੰਚ ਅਤੇ ਨਾਟਕ ਦੇ ਖੇਤਰ ਵਿੱਚ ਅਤੇ ਡਾ. ਵਨੀਤਾ ਨੂੰ ਅਲੋਚਨਾ, ਅਨੁਵਾਦ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਗੌਰਵ ਐਵਾਰਡ-2019 ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਦਰਸ਼ਨ ਸਿੰਘ ਧਾਲੀਵਾਲ ਨੂੰ ਪੰਜਾਬੀਅਤ ਦੀ ਪ੍ਰਫੁੱਲਤਾ ਲਈ ਪਾਏ ਯੋਗਦਾਨ ਲਈ, ਸ. ਐਸ.ਪੀ.ਐਸ. ਓਬਰਾਏ ਨੂੰ ਵਿਸ਼ਵ ਪੱਧਰ ’ਤੇ ਮਾਨਵਤਾ ਦੀ ਸੇਵਾ ਕਰਨ ਲਈ, ਸ਼੍ਰੀ ਰਬਿੰਦਰ ਨਾਰਾਇਣ ਨੂੰ ਮੀਡੀਆ ਦੇ ਸਾਧਨ ਰਾਹੀਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਵਿਸ਼ਵ ਭਰ ਵਿੱਚ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਪਾਏ ਯੋਗਦਾਨ ਲਈ ਸ. ਸੁੱਖੀ ਬਾਠ ਨੂੰ ਕੈਨੇਡਾ ਵਿੰਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪਾਏ ਯੋਗਦਾਨ ਲਈ ਮਾਣ ਪੰਜਾਬ ਦਾ ਐਵਾਰਡ-2019 ਨਾਲ ਸਨਮਾਨਿਤ ਕੀਤਾ ਗਿਆ।
ਇਸ ਕਾਨਫ਼ਰੰਸ ਵਿੱਚ ਭਾਰਤ ਦੇ ਨਾਲ-ਨਾਲ ਯੂ.ਐਸ.ਏ., ਇਟਲੀ, ਕੈਨੇਡਾ, ਯੂ.ਕੇ., ਨਾਰਵੇ, ਯੂ.ਏ.ਈ., ਰੂਸ ਅਤੇ ਦੁਬਈ ਆਦਿ ਦੇਸ਼ਾਂ ਤੋਂ ਆਏ ਸਾਹਿਤਕਾਰਾਂ, ਮੀਡੀਆ ਕਰਮੀਆਂ ਅਤੇ ਵਿਦਵਾਨਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਇਸ ਕਾਨਫ਼ਰੰਸ ਵਿੱਚ ਸੌ ਦੇ ਕਰੀਬ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪੜ੍ਹੇ।ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਦੌਰਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੇ ਕਿਹਾ ਕਿ ਗੁਰੂ ਜੀ ਦੇ ਸਿਧਾਂਤ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ ਨੂੰ ਜੀਵਨ ਦਾ ਆਧਾਰ ਬਣਾ ਕੇ ਅਸੀਂ ਸਮੁੱਚੇ ਵਿਸ਼ਵ ਵਰਤਾਰੇ ਵਿੱਚ ਪੰਜਾਬੀ ਵਿਰਸੇ ਦਾ ਪਸਾਰ ਤੇ ਸੰਭਾਲ ਕਰ ਸਕਦੇ ਹਾਂ। ਡਾ. ਸੁਰਜੀਤ ਪਾਤਰ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਕਿਹਾ ਕਿ ਕਿਸੇ ਕੌਮ ਦੀਆਂ ਰੀਤਾਂ ਉਸ ਦੇ ਵਿਰਸੇ ਦੇ ਸਹਾਰੇ ਹੁੰਦੇ ਹਨ ਜਿਨ੍ਹਾਂ ਨੂੰ ਸੰਭਾਲਣਾ ਵਿਦਿਆਰਥੀਆਂ ਦੀ ਵੱਡੀ ਜ਼ਿੰਮੇਵਾਰੀ ਹੈ।
ਸ. ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅੱਜ ਸਭ ਤੋਂ ਵੱਡੀ ਲੋੜ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਸੰਭਾਲਣ ਲਈ ਨੌਜਵਾਨ ਵਰਗ ਨੂੰ ਜਾਗ੍ਰਿਤ ਕਰਨ ਦੀ ਹੈ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਕਿਹਾ ਕਿ ਸਾਡਾ ਇਹ ਕਾਨਫ਼ਰੰਸ ਕਰਵਾਉਣ ਦਾ ਮੁੱਖ ਮਕਸਦ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਸਮੁੱਚੇ ਵਿਸ਼ਵ ਵਿੱਚ ਪਸਾਰ ਕਰਨਾ ਹੈ ਉਥੇ ਨਾਲ ਹੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਪਸਾਰ ਕਰਨਾ ਵੀ ਹੈ। ਕਾਨਫ਼ਰੰਸ ਦੇ ਦੂਸਰੇ ਸੈਸ਼ਨ ‘ਪ੍ਰਵਾਸੀ ਸਾਹਿਤ ਚਿੰਤਨ: ਸਥਿਤੀ ਤੇ ਸੰਭਾਵਨਾਵਾਂ’ ਵਿੱਚ ਯੂ.ਐਸ.ਏ. ਤੋਂ ਡਾ. ਸੁਹਿੰਦਰਬੀਰ ਸਿੰਘ, ਇਟਲੀ ਤੋਂ ਸ਼੍ਰੀ ਵਿਸ਼ਾਲ, ਕੈਨੇਡਾ ਤੋਂ ਸ. ਮੋਹਨ ਸਿੰਘ ਗਿੱਲ, ਯੂ.ਕੇ. ਤੋਂ ਸ਼੍ਰੀ ਦਰਸ਼ਨ ਧੀਰ, ਕੈਨੇਡਾ ਤੋਂ ਸ. ਜਰਨੈਲ ਸਿੰਘ ਸੇਖਾ, ਯੂ.ਐਸ. ਤੋਂ ਹਰਜਿੰਦਰ ਸਿੰਘ ਸੰਧਾਵਾਲੀਆ, ਨਾਰਵੇ ਤੋਂ ਸ. ਜਗਦੀਸ਼ ਸਿੰਘ ਨੇ ਪ੍ਰਮੁੱਖ ਬੁਲਾਰਿਆਂ ਵਜੋਂ ਪੰਜਾਬੀ ਲੋਕਾਂ ਦੇ ਪ੍ਰਵਾਸ ਨਾਲ ਸਬੰਧਤ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਕਾਨਫ਼ਰੰਸ ਦੇ ਤੀਸਰੇ ਸੈਸ਼ਨ ਦੌਰਾਨ ਇਕ ਸੰਵਾਦ-ਪੰਜਾਬੀ ਮੀਡੀਆ ਸਥਿਤੀ ਤੇ ਸਰੋਕਾਰ ਵਿਸ਼ੇ ’ਤੇ ਚਰਚਾ ਕੀਤੀ ਗਈ। ਇਸ ਸੈਸ਼ਨ ਦੌਰਾਨ ਸ. ਵਰਿੰਦਰ ਸਿੰਘ ਵਾਲੀਆ ਸੰਪਾਦਕ ਪੰਜਾਬੀ ਜਾਗਰਣ ਨੇ ਬਤੌਰ ਮੁੱਖ ਮਹਿਮਾਨ, ਸ. ਅਮਰਜੀਤ ਸਿੰਘ ਵੜੈਚ ਡਾਇਰੈਕਟਰ, ਏ.ਆਈ.ਆਰ. ਪਟਿਆਲਾ ਨੇ ਪ੍ਰਧਾਨਗੀ ਭਾਸ਼ਣ ਵਕਤਾ ਸ. ਰਣਦੀਪ ਸਿੰਘ ਆਹਲੂਵਾਲੀਆ ਡਿਪਟੀ ਡਾਇਰੈਕਟਰ, ਪੀ.ਆਰ. ਪੰਜਾਬ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਸ. ਨਰਿੰਦਰਪਾਲ ਸਿੰਘ ਹੁੰਦਲ ਯੂ.ਐਸ.ਏ., ਸ. ਬਲਜੀਤ ਸਿੰਘ ਬਰਾੜ ਸੰਪਾਦਕ ਪੰਜਾਬ ਟਾਇਮਜ਼, ਸ਼੍ਰੀ ਐਸ.ਅਸ਼ੋਕ ਭੋਰਾ, ਯੂ.ਐਸ.ਏ., ਸ. ਸੁਖਮੰਦਰ ਸਿੰਘ ਬਰਾੜ ਕੈਨੇਡਾ, ਸ਼੍ਰੀਮਤੀ ਸ਼ੈਰੀ ਗੋਰਵਾ ਵੈਬ ਟੀ.ਵੀ. ਜੱਗ ਬਾਣੀ, ਸ. ਕੁਲਦੀਪ ਸਿੰਘ ਸੁਰ-ਸੰਗਮ ਰੇਡੀਓ ਕੈਨੇਡਾ ਪ੍ਰਮੁੱਖ ਬੁਲਾਰੇ ਅਤੇ ਸ. ਹਰਪ੍ਰੀਤ ਸਿੰਘ ਡਿਪਟੀ ਐਡੀਟਰ, ਪੀ.ਟੀ.ਸੀ. ਨਿਊਜ਼ ਸੈਸ਼ਨ ਸੰਚਾਲਕ ਦੇ ਤੌਰ ’ਤੇ ਪਹੁੰਚੇ। ਕਾਨਫ਼ਰੰਸ ਦੇ ਚੌਥੇ ਸੈਸ਼ਨ ਦੌਰਾਨ ਸ. ਸੁਲੱਖਣ ਸਿੰਘ ਸਰਹੱਦੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਸੁਹਿੰਦਰਬੀਰ ਸਿੰਘ ਨੇ ਅਤੇ ਸੈਸ਼ਨ ਦਾ ਸੰਚਾਲਨ ਡਾ. ਗੁਰਦੀਸ਼ ਕੌਰ ਨੇ ਕੀਤਾ। ਕਾਨਫ਼ਰੰਸ ਦੇ ਦੂਸਰੇ ਸੈਸ਼ਨ ਦੌਰਾਨ ਪ੍ਰੋ. ਪਰਮਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਡਾ. ਪੁਸ਼ਪਿੰਦਰ ਕੌਰ ਨੇ ਮੰਚ ਸੰਚਾਲਨ ਕੀਤਾ। ਉਦਘਾਟਨੀ ਸੈਸ਼ਨ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਨੇ ਕੀਤਾ। ਤੀਸਰੇ ਸੈਸ਼ਨ ਦੌਰਾਨ ਡਾ. ਦਵਿੰਦਰ ਸਿੰਘ ਨੇ ਮੰਚ ਸੰਚਾਲਨ ਕੀਤਾ ਅਤੇ ਡਾ. ਜਸਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਚੌਥੇ ਸੈਸ਼ਨ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਸੁਖਮੋਹਨ ਕੌਰ ਨੇ ਕੀਤਾ। ਇਸ ਮੌਕੇ ਸਮੁੱਚਾ ਕਾਲਜ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਕਾਲਜ ਵਿੱਚ ਇੱਕ ਪਾਸੇ ਅਕਾਦਮਿਕ ਸੈਸ਼ਨ ਚੱਲ ਰਹੇ ਸਨ ਅਤੇ ਦੂਸਰੇ ਕੋਨਿਆਂ ਵਿੱਚ ਬਾਜੀਗਰ ਬਾਜੀ ਪਾ ਰਹੇ ਸਨ, ਤੋਂ ਇਲਾਵਾ ਲੋਕ ਗੀਤ, ਨੁੱਕੜ, ਭੰਡ ਅਤੇ ਕਵਿਸ਼ਰੀ ਵੀ ਚੱਲ ਰਹੀ ਸੀ।