May 15, 2026 3:36 am

ਹਵਾਈ ਹਮਲਾ: ਸਾਡਾ ਕੰਮ ਲਾਸ਼ਾਂ ਦੀ ਗਿਣਤੀ ਕਰਨਾ ਨਹੀਂ : ਹਵਾਈ ਫ਼ੌਜ ਮੁਖੀ

ਕਿਹਾ, ਪਾਕਿ ’ਚ ਹਾਲੇ ਆਪ੍ਰੇਸ਼ਨ ਖ਼ਤਮ ਨਹੀਂ ਹੋਏ

ਕੋਇੰਬਟੂਰ, 4 ਮਾਰਚ- ਪਾਕਿਸਤਾਨ ਦੇ ਬਾਲਾਕੋਟ ਵਿਚ ਭਾਰਤੀ ਹਵਾਈ ਫ਼ੌਜ ਦੀ ਕਾਰਵਾਈ ਮਗਰੋਂ ਮਾਰੇ ਜਾਣ ਵਾਲੇ ਦਹਿਸ਼ਤਗਰਦਾਂ ਦੀ ਗਿਣਤੀ ਬਾਰੇ ਵਖ-ਵਖ ਰਿਪੋਰਟਾਂ ਆ ਰਹੀਆਂ ਹਨ ਤੇ ਨਵੇਂ-ਨਵੇਂ ਦਾਅਵੇ ਵੀ ਕੀਤੇ ਜਾ ਰਹੇ ਹਨ। ਇਸੇ ਦਰਮਿਆਨ ਹਵਾਈ ਫ਼ੌਜ ਦੇ ਮੁਖੀ ਬੀ.ਐਸ. ਧਨੋਆ ਨੇ ਭਾਰਤ ਦੀ ਇਸ ਕਾਰਵਾਈ ਬਾਰੇ ਵਡਾ ਬਿਆਨ ਦਿਤਾ ਹੈ। ਧਨੋਆ ਦਾ ਕਹਿਣਾ ਹੈ ਕਿ ਸਾਡਾ ਕੰਮ ਟਾਰਗੇਟ ਉਡਾਉਣਾ ਹੈ ਨਾ ਕਿ ਅਤਵਾਦੀਆਂ ਦੀਆਂ ਲਾਸ਼ਾਂ ਦੀ ਗਿਣਤੀ ਕਰਨਾ। ਬੀ.ਐਸ. ਧਨੋਆ ਨੇ ਕਿਹਾ ਕਿ ਹਵਾਈ ਫ਼ੌਜ ਨੇ ਆਪਣਾ ਟਾਰਗੇਟ ਪੂਰਾ ਕੀਤਾ, ਅਸੀਂ ਟਾਰਗੇਟ ਖ਼ਤਮ ਕਰਦੇ ਹਾਂ ਅਤਵਾਦੀ ਨਹੀਂ ਗਿਣਦੇ। ਉਨ੍ਹਾਂ ਕਿਹਾ ਕਿ ਜੇਕਰ ਖ਼ਾਲੀ ਜੰਗਲ ‘ਚ ਬੰਬ ਸੁਟੇ ਗਏ ਸੀ ਤਾਂ ਪਾਕਿਸਤਾਨ ਵਲੋਂ ਜਵਾਬੀ ਕਾਰਵਾਈ ਕਿਉਂ ਕੀਤੀ ਗਈ। ਧਨੋਆ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿਚ ਹਾਲੇ ਆਪ੍ਰੇਸ਼ਨ ਖ਼ਤਮ ਨਹੀਂ ਹੋਏ। ਉਨ੍ਹਾਂ ਇਹ ਵੀ ਦਸਿਆ ਕਿ ਵਿੰਗ ਕਮਾਂਡਰ ਅਭਿਨੰਦਨ ਦਾ ਮੈਡੀਕਲ ਜਾਰੀ ਹੈ ਅਤੇ ਉਹ ਉਡਾਣ ਭਰੇਗਾ ਜਾਂ ਨਹੀਂ ਇਹ ਮੈਡੀਕਲ ਪੂਰਾ ਹੋਣ ਤੋਂ ਬਾਅਦ ਤੈਅ ਹੋਵੇਗਾ। ਜ਼ਿਕਰਯੋਗ ਹੈ ਕਿ ਬੀਤੀ 26 ਫਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਏਅਰ ਸਟ੍ਰਾਈਕ ਕਰ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਤਬਾਹ ਕਰ ਦਿਤਾ ਸੀ। ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਸ ਹਮਲੇ ਦੌਰਾਨ 300 ਤੋਂ ਵਧ ਅਤਵਾਦੀ ਮਾਰੇ ਗਏ, ਪਰ ਅਜ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ 250 ਦਹਿਸ਼ਤਗਰਦਾਂ ਦੇ ਮਾਰੇ ਜਾਣ ਦਾ ਖੁਲਾਸਾ ਕੀਤਾ ਸੀ।

Send this to a friend