ਪਟਿਆਲਾ, 4 ਮਾਰਚ (ਦਇਆ ਸਿੰਘ)- ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਵਿਚ ਕੇਂਦਰੀ ਜੇਲ੍ਹ ਵਿਚ ਬੰਦ ਆਈ ਜੀ ਪਰਮਰਾਜ ਉਮਰਾਨੰਗਲ ਨਾਲ ਪੁਲੀਸ ਅਧਿਕਾਰੀਆਂ ਅਤੇ ਹੋਰਨਾਂ ਦੀਆਂ ਅਣ-ਅਧਿਕਾਰਤ ਮੁਲਾਕਾਤਾਂ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਜੇਲ੍ਹ ਪਟਿਆਲਾ ਦੇ ਸਟੂਡੈਂਟ ਜਸਪਾਲ ਸਿੰਘ ਹਾਂਸ ਨੂੰ ਮੁਅਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਆਈਜੀ ਰੂਪ ਕੁਮਾਰ ਵਲੋਂ ਕੀਤੀ ਜਾਂਚ ਮੁਤਾਬਕ ਸੁਪਰਇੰਟੈਂਡੈਂਟ ਜਸਪਾਲ ਸਿੰਘ ਨੇ ਜੇਲ੍ਹ ਦੇ ਰਜਿਸਟਰ ਵਿਚ ਇਨ੍ਹਾਂ ਬਹੁਤੀਆਂ ਮੀਟਿੰਗਾਂ ਲਈ ਆਉਣ ਵਾਲਿਆਂ ਦੀ ਕੋਈ ਐਂਟਰੀ ਨਹੀਂ ਕੀਤੀ ਸੀ। ਜਿਸ ਕਰਕੇ ਜੇਲ ਮੰਤਰੀ ਨੇ ਕਿਹਾ ਕਿ ਇਹ ਜੇਲ੍ਹ ਮੇਨੂਏਲ ਦੀ ਮੁਕੰਮਲ ਉਲੰਘਣਾ ਹੈ ਤੇ ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਮੁਅਤਲੀ ਦੌਰਾਨ ਸੁਪਰਇੰਟੈਂਡੈਂਟ ਜਸਪਾਲ ਸਿੰਘ ਪੰਜਾਬ ਦੇ ਜੇਲ੍ਹਾਂ ਬਾਰੇ ਏਡੀਜੀਪੀ ਨੂੰ ਰਿਪੋਰਟ ਕਰਨਗੇ।ਉਨ੍ਹਾਂ ਦੀ ਗ਼ੈਰਮੌਜੂਦਗੀ ਵਿਚ ਡਿਪਟੀ ਸੁਪਰਇੰਟੈਂਡੈਂਟ ਸ੍ਰੀ ਗੁਰਚਰਨ ਸਿੰਘ ਜੇਲ੍ਹ ਦੇ ਸੁਪਰਇੰਟੈਂਡੈਂਟ ਦਾ ਚਾਰਜ ਸੰਭਾਲਣਗੇ ਤੇ ਨਾਲ ਆਪਣੀਆਂ ਡਿਊਟੀਆਂ ਵੀ ਕਰਨਗੇ।