ਚੰਡੀਗੜ੍ਹ- ਪਾਕਿਸਤਾਨ ‘ਚ ਭਾਰਤੀ ਹਵਾਈ ਫੌਜ ਵਲੋਂ ਕੀਤੇ ਹਵਾਈ ਹਮਲਿਆਂ ਤੋਂ ਬਾਅਦ ਬੀ.ਜੇ.ਪੀ. ਦੇ ਪ੍ਰਧਾਨ ਅਮਿਤ ਸ਼ਾਹ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਇਸ ਹਮਲੇ ‘ਚ 250 ਤੋਂ ਵਧ ਅਤਵਾਦੀ ਮਾਰੇ ਗਏ ਸਨ। ਦੂਜੇ ਪਾਸੇ ਮੋਦੀ ਸਰਕਾਰ ਦੇ ਮੰਤਰੀ ਐਸ.ਐਸ. ਆਹਲੂਵਾਲੀਆ ਨੇ ਕਿਹਾ ਹੈ ਕਿ ਸਰਕਾਰ ਨੇ ਕਦੇ ਨਹੀਂ ਕਿਹਾ ਹੈ ਕਿ 300 ਅਤਵਾਦੀ ਮਾਰੇ ਗਏ ਹਨ। ਇਸ ਬਾਰੇ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੇ ਟਵੀਟ ਕਰ ਪੁਛਿਆ ਹੈ ਕਿ “ਕੀ 300 ਅਤਵਾਦੀ ਮਾਰੇ ਗਏ ਹਨ ਜਾਂ ਨਹੀਂ”? ਉਨ੍ਹਾਂ ਇਹ ਵੀ ਪੁਛਿਆ ਹੈ ਕਿ ਇਸ ਦਾ ਉਦੇਸ਼ ਕੀ ਸੀ? ਅਤਵਾਦੀਆਂ ਨੂੰ ਮਾਰਨਾ ਜਾਂ ਦਰਖ਼ਤ ਪੁਟਣਾ। ਕੀ ਇਹ ਇਕ ਚੋਣ ਸਟੰਟ ਸੀ? ਸਿਧੂ ਨੇ ਇਹ ਵੀ ਕਿਹਾ ਹੈ ਕਿ ਆਪਣੀ ਫ਼ੌਜ ਦਾ ਸਿਆਸੀਕਰਨ ਬੰਦ ਕਰੋ। ਸਿਧੂ ਪੁਲਵਾਮਾ ਹਮਲੇ ਤੋਂ ਬਾਅਦ ਆਪਣੇ ਬਿਆਨਾਂ ਕਰਕੇ ਚਰਚਾ ‘ਚ ਛਾਏ ਹੋਏ ਹਨ। ਸਿਧੂ ਨੇ ਸਭ ਤੋਂ ਪਹਿਲਾਂ ਪੁਲਵਾਮਾ ਦਹਿਸ਼ਤਗਰਦ ਹਮਲੇ ਤੋਂ ਬਾਅਦ ਬਿਆਨ ਦਿਤਾ ਸੀ ਤੇ ਉਹ ਵਿਵਾਦ ਵਿਚ ਉਲਝੇ ਸੀ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੁਲਵਾਮਾ ਹਮਲੇ ਤੋਂ 13 ਦਿਨ ਬਾਅਦ ਪਾਕਿਸਤਾਨ ‘ਚ ਹੋਏ ਹਵਾਈ ਹਮਲੇ ਬਾਰੇ ਵਡਾ ਬਿਆਨ ਦਿਤਾ ਸੀ। ਅਮਿਤ ਸ਼ਾਹ ਨੇ ਗੁਜਰਾਤ ਦੇ ਅਹਿਮਦਾਬਾਦ ‘ਚ ਕਿਹਾ ਕਿ ਇਸ ਹਵਾਈ ਹਮਲੇ ‘ਚ 250 ਤੋਂ ਵਧ ਅਤਵਾਦੀ ਮਾਰੇ ਗਏ ਸਨ।