ਬਰੇਟਾ, 4 ਮਾਰਚ (ਰੀਤਵਾਲ)- ਬੀਤੀ ਰਾਤ ਪਿੰਡ ਕੁਲਰੀਆਂ ਵਿਖੇ ਇੱਕ ਵਿਅਕਤੀ ਦਾ ਕਤਲ ਹੋਣ ਦਾ ਸਮਾਚਾਰ ਹੈ । ਬਰੇਟਾ ਥਾਣਾ ਮੁਖੀ ਸ਼ਿਵ ਚੰਦ ਦੇ ਦੱਸਣ ਅਨੁਸਾਰ ਮ੍ਰਿਤਕ ਜਗਤਾਰ ਸਿੰਘ (25) ਦੇ ਪਿਤਾ ਕੀੜੂ ਸਿੰਘ ਪੁੱਤਰ ਗੁਰਦੇਵ ਸਿੰਘ ਕੌਮ ਜੱਟ ਜੋ ਕਿ ਪਿੰਡ ਕੁਲਰੀਆਂ ਦਾ ਨੰਬਰਦਾਰ ਵੀ ਹੈ ਦੇ ਬਿਆਨਾਂ ਤੇ ਮਹਿੰਦਰ ਸਿੰਘ ਪੁੱਤਰ ਸੱਤਪਾਲ ਸਿੰਘ ਕੌਮ ਧਾਨਕ ਵਾਸੀ ਕੁਲਰੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ । ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕੀੜੂ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਕਿ ਉਸਦਾ ਲੜਕਾ ਜਗਤਾਰ ਸਿੰਘ ਬਰੇਟਾ ਮੰਡੀ ਵਿਖੇ ਕਾਰ ਮਕੈਨਿਕ ਦਾ ਕੰਮ ਕਰਦਾ ਸੀ ਅਤੇ ਹਰ ਰੋਜ ਉਹ ਵਰਕਸ਼ਾਪ ਤੋਂ ਸ਼ਾਮ ਸਮੇਂ ਘਰ ਪਰਤਦਾ ਸੀ ਅਤੇ ਬੀਤੀ ਸ਼ਾਮ ਵੀ ਆਪਣੇ ਕੰਮ ਤੋਂ ਘਰ ਵਾਪਸ ਆਇਆ ਅਤੇ ਘਰ ਰੋਟੀ ਖਾਣ ਤੋ ਬਾਅਦ ਘਰ ਉਪਰ ਬਣੇ ਚੁਬਾਰੇ ਵਿੱਚ ਚਲਾ ਗਿਆ ਅਤੇ ਦਸ ਵਜੇ ਦੇ ਕਰੀਬ ਸਾਨੂੰ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਮੈਨੂੰ ਕੋਈ ਜਰੂਰੀ ਕੰਮ ਹੈ ਪ੍ਰੰਤੂ ਜਦੋਂ ਉਹ ਵਾਪਸ ਨਾ ਆਇਆ ਤਾਂ ਪਰਿਵਾਰ ਦੀ ਚਿੰਤਾ ਵਧਣ ਲੱਗੀ ਅਤੇ ਅਸੀ ਉਸਦੀ ਉਡੀਕ ਕਰਨ ਲੱਗੇ ਤਾਂ ਫਿਰ ਮੈ ਆਪਣੇ ਚਾਚੇ ਦੇ ਲੜਕੇ ਸੁਖਦੇਵ ਸਿੰਘ ਪੁੱਤਰ ਭਗਵਾਨ ਸਿੰਘ ਨੂੰ ਸਾਰੀ ਗੱਲ ਦੱਸੀ । ਜਦੋ ਅਸੀ ਪਿੰਡ ਵਿੱਚ ਉਸਦੀ ਭਾਲ ਸ਼ੁਰੂ ਕੀਤੀ ਅਤੇ ਅਸੀ ਬੱਸ ਅੱਡੇ ਵੱਲ ਨੂੰ ਚੱਲ ਪਏ ਪ੍ਰੰਤੂ ਜਦੋ ਅਸੀ ਜਗਤ ਸਿੰਘ ਦੇ ਘਰ ਦੇ ਨਜਦੀਕ ਪੁੱਜੇ ਤਾਂ ਉਥੇ ਬਿਜਲੀ ਦੀ ਰੋਸ਼ਨੀ ਵਿੱਚ ਦੇਖਿਆ ਕਿ ਉਸ ਸਮੇ ਥੱਲੇ ਡਿੱਗੇ ਪਏ ਵਿਅਕਤੀ ਦੇ ਸਿਰ ਵਿੱਚ ਇੱਕ ਨੌਜਵਾਨ ਵਿਅਕਤੀ ਇੱਟ ਨਾਲ ਵਾਰ ਕਰ ਰਿਹਾ ਸੀ ਅਤੇ ਉਸ ਵਿਅਕਤੀ ਕੋਲ ਇੱਕ ਡੰਡਾ ਵੀ ਸੀ । ਜਦੋ ਅਸੀਂ ਡਿੱਗੇ ਪਏ ਵਿਅਕਤੀ ਪਾਸ ਜਾ ਦੇਖਿਆ ਉਹ ਮੇਰੇ ਲੜਕੇ ਜਗਤਾਰ ਸਿੰਘ ਦਾ ਕਤਲ ਮਹਿੰਦਰ ਸਿੰਘ ਪੁੱਤਰ ਸੱਤਪਾਲ ਸਿੰਘ ਨੇ ਹੀ ਕੀਤਾ ਹੈ । ਜਦੋ ਅਸੀ ਮੇਰੇ ਲੜਕੇ ਨੂੰ ਹਿਲਾਕੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ ।ਕੀੜੂ ਸਿੰਘ ਦੇ ਦੱਸਣ ਅਨੁਸਾਰ ਮਹਿੰਦਰ ਸਿੰਘ ਦਾ ਮੇਰੇ ਲੜਕੇ ਜਗਤਾਰ ਸਿੰਘ ਨਾਲ ਪਹਿਲਾਂ ਵੀ ਕਈ ਵਾਰੀ ਤਕਰਾਰ ਵੀ ਹੋਇਆ ਸੀ ਅਤੇ ਮਹਿੰਦਰ ਸਿੰਘ ਅਕਸਰ ਜਗਤਾਰ ਸਿੰਘ ਨੂੰ ਧਮਕੀਆਂ ਵੀ ਦਿੰਦਿਆ ਰਹਿੰਦਾ ਸੀ ਅਤੇ ਰੰਜਿਸ਼ ਕਾਰਨ ਮਹਿੰਦਰ ਸਿੰਘ ਪੁੱਤਰ ਸੱਤਪਾਲ ਸਿੰਘ ਨੇ ਜਗਤਾਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ । ਸਥਾਨਕ ਪੁਲਿਸ ਵੱਲੋ ਮਹਿੰਦਰ ਸਿੰਘ ਪੁੱਤਰ ਸੱਤਪਾਲ ਸਿੰਘ ਖਿਲਾਫ ਧਾਰਾ 302 ਅਧੀਨ ਮੁਕੱਦਮਾ ਨੰਬਰ 18 ਦਰਜ ਕਰਕੇ ਦੋਸ਼ੀ ਭਾਲ ਸ਼ੁਰੂ ਦਿੱਤੀ ਹੈ । ਥਾਣਾ ਮੁਖੀ ਸ਼ਿਵ ਚੰਦ ਨੇ ਦੱਸਿਆ ਕਿ ਕਾਤਲ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।