ਸ਼ਾਹਕੋਟ, 4 ਮਾਰਚ (ਸੁਰਿੰਦਰ ਸਿੰਘ ਖਾਲਸਾ)- ਜਲ ਸਪਲਾਈ ਅਤੇ ਸੈਨੀਟੇਸਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਯੂਨੀਅਨ ਦੀ ਇਕਾਈ ਬ੍ਰਾਂਚ ਸ਼ਾਹਕੋਟ ਨੇ ਸਥਾਨਿਕ ਕਸਬੇ ਵਿਚ ਮੁਜ਼ਾਹਰਾ ਕਰਕੇ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਦੀ ਅਰਥੀ ਫੂਕੀ। ਜਲ ਸਪਲਾਈ ਦੇ ਠੇਕਾ ਮੁਲਾਜ਼ਮ ਸਭ ਤੋਂ ਪਹਿਲਾ ਵਿਭਾਗ ਦੇ ਦਫਤਰ ਵਿਚ ਪਰਿਵਾਰਾਂ ਸਮੇਤ ਇਕੱਠੇ ਹੋਏ। ਇੱਥੋ ਉਹ ਮੁਜ਼ਾਹਰਾ ਕਰਦੇ ਹੋਏ ਬੱਸ ਅੱਡੇ ’ਤੇ ਪੁੱਜੇ। ਇੱਥੇ ਕੀਤੀ ਕਈ ਰੋਸ ਰੈਲੀ ਨੂੰ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਸ਼ੀਰਾ,ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਮਲਜੀਤ ਸਿੰਘ ਮਾਣਕ ਅਤੇ ਜ਼ਿਲ੍ਹਾ ਸਕੱਤਰ ਸ਼ਿੰਦਰਪਾਲ ਸਿੰਘ ਨੇ ਕਿਹਾ ਅੱਜ ਜਦੋਂ ਦੇਸ਼ ਵਾਸੀ ਸ਼ਿਵਰਾਤਰੀ ਦੀਆਂ ਖੁਸ਼ੀਆਂ ਮਨਾ ਰਹੇ ਹਨ ਤਾਂ ਉਨ੍ਹਾਂ ਨੂੰ
ਆਪਣੇ ਰੁਜ਼ਗਾਰ ਬਚਾਉਣ ਲਈ ਸੜਕਾਂ ਉੱਪਰ ਮੁਜ਼ਾਹਰੇ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ ਦੋਖੀ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਣ ਲੋਕਾਂ ਦੇ ਰੁਜ਼ਗਾਰ ਦਾ ਉਜਾੜਾ ਹੋ ਰਿਹਾ ਹੈ। ਸਰਕਾਰ ਪੰਚਾਇਤੀਕਰਨ ਦੇ ਨਾਂ ਹੇਠ ਪੇਂਡੂ ਜਲ ਘਰਾਂ ਨੂੰ ਪ੍ਰਾਈਵੇਟ ਨਿਜੀ ਕੰਪਨੀਆਂ ਦੇ ਸਪੁਰਦ ਕਰਨ ਵੱਲ ਨੂੰ ਵਧ ਰਹੀ ਹੈ। ਅਜਿਹਾ ਹੋ ਜਾਣ ’ਤੇ ਗਰੀਬ ਲੋਕ ਸਾਫ ਪਾਣੀ ਪੀਣ ਤੋਂ ਵੀ ਵਾਂਝੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਉਨ੍ਹਾਂ ਦੀਆਂ ਸੇਵਾਂਵਾ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ। ਸਰਕਾਰ ਦੇ ਉਸ ਵਾਅਦੇ ਤੋਂ ਮੁੱਕਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਫਿਰ ਸੰਘਰਸ਼ ਦਾ ਅਖਾੜਾ ਮਘਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਦੀਆਂ ਸੇਵਾਂਵਾ ਰੈਗੂਲਰ ਨਹੀ ਹੋ ਜਾਂਦੀਆਂ। ਰੈਲੀ ਨੂੰ ਸਥਾਨਿਕ ਆਗੂ ਰੇਸਮ ਸਿੰਘ ਭੋਇਪੁਰ,ਮੰਗਤ ਰਾਮ,ਸੁੱਚਾ ਸਿੰਘ,ਸੁਰਜੀਤ ਸਿੰਘ,ਰੋਸ਼ਨ ਲਾਲ,ਗਗਨਦੀਪ,ਜਗਦੀਪ ਸਿੰਘ,ਗੁਰਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਰੈਲੀ ਤੋਂ ਉਪਰੰਤ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀ ਅਰਥੀ ਫੂਕੀ ਗਈ।