May 14, 2026 8:48 am

ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਛੁਡਾਉਣ ਵਾਲਾ ਭਗੌੜਾ ਸਾਥੀ ਅਸਲੇ ਸਮੇਤ ਗ੍ਰਿਫ਼ਤਾਰ

ਪਟਿਆਲਾ, 25 ਫਰਵਰੀ(ਦਇਆ ਸਿੰਘ)- ਪਟਿਆਲਾ ਪੁਲਿਸ ਨੇ ਇੱਕ ਅਜਿਹੇ ਭਗੌੜੇ ਗੈਂਗਸਟਰ ਨੂੰ ਉਸਦੇ ਇੱਕ ਸਾਥੀ ਦੇ ਨਾਲ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਹੜਾ ਕਿ ਹੁਸ਼ਿਆਰਪੁਰ ਪੁਲਿਸ ’ਤੇ ਹਥਿਆਰਬੰਦ ਹਮਲਾ ਕਰਕੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਛੁਡਵਾ ਕੇ ਲਿਜਾਣ ਦੀ ਵਾਰਦਾਤ ’ਚ ਸ਼ਾਮਲ ਸੀ। ਦੁਆਬੇ ’ਚ ਸਰਗਰਮ ਰਹੇ ਇਹ ਦੋਵੇਂ ਸਮਾਜ ਵਿਰੋਧੀ ਅਨਸਰ ਕਰੀਬ ਪਿਛਲੇ 1 ਹਫ਼ਤੇ ਤੋਂ ਪਟਿਆਲਾ ’ਚ ਰਹਿ ਰਹੇ ਸਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ’ਚ ਸਨ।
ਪਟਿਆਲਾ ਪੁਲਿਸ ਵੱਲੋਂ ਕੀਤੀ ਇਸ ਗ੍ਰਿਫ਼ਤਾਰੀ ਬਾਰੇ ਇੱਥੇ ਪੁਲਿਸ ਲਾਇਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਮਨਕੀਰਤ ਸਿੰਘ ਉਰਫ ਮਨੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸਰੀਂਹ, ਪੱਟੀ ਡੱਫਰ ਕੀ ਪੱਟੀ ਥਾਣਾ ਸਦਰ ਨਕੋਦਰ ਜਿਲਾ ਜਲੰਧਰ (ਦਿਹਾਤੀ) ਅਤੇ ਦਲਜੀਤ ਸਿੰਘ ਉਰਫ ਡੱਲੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸਾਦਿਕਪੁਰ ਥਾਣਾ ਸਾਹਕੋਟ ਜਿਲਾ ਜਲੰਧਰ (ਦਿਹਾਤੀ) ਵਜੋਂ ਹੋਈ ਹੈ। ਇਸ ਮੌਕੇ ਐਸ.ਪੀ. (ਸਥਾਨਕ) ਰਵਜੋਤ ਗਰੇਵਾਲ ਅਤੇ ਐਸ.ਪੀ. (ਜਾਂਚ) ਹਰਮੀਤ ਸਿੰਘ ਹੁੰਦਲ ਵੀ ਮੌਜੂਦ ਸਨ। ਸ. ਸਿੱਧੂ ਨੇ ਦੱਸਿਆ ਕਿ ਕਪਤਾਨ ਪੁਲਿਸ (ਇਨਵੈਸਟੀਗੇਸਨ) ਹਰਮੀਤ ਸਿੰਘ ਹੁੰਦਲ ਦੀ ਅਗਵਾਈ ਵਿੱਚ ਚਲਾਏ ਗਏ ਵਿਸ਼ੇਸ਼ ਉਪਰੇਸ਼ਨ ਦੌਰਾਨ ਸੀ.ਆਈ.ਏ. ਸਟਾਫ਼ ਦੇ ਇੰਚਾਰਚ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ 24 ਫਰਵਰੀ ਨੂੰ ਟੀ-ਪੁਆਇਟ ਸਾਧੂ ਬੇਲਾ ਰੋਡ ਅਰਬਨ ਅਸਟੇਟ ਫੇਸ-2 ਨੇੜੇ ਮਨਕੀਰਤ ਸਿੰਘ ਉਰਫ ਮਨੀ ਅਤੇ ਦਲਜੀਤ ਸਿੰਘ ਉਰਫ ਡੱਲੀ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਇੱਕ ਪਿਸਟਲ 32 ਬੋਰ ਸਮੇਤ 7 ਰੌਂਦ ਅਤੇ ਇਕ ਪਿਸਤੋਲ ਦੇਸੀ ਕੱਟਾ 9 ਐਮ.ਐਮ. ਸਮੇਤ 5 ਰੌਂਦ ਬਰਾਮਦ ਹੋਏ।
ਸ. ਸਿੱਧੂ ਨੇ ਦੱਸਿਆ ਕਿ ਮਨਕੀਰਤ ਸਿੰਘ ਮਨੀ ਵਿਰੁੱਧ ਇਰਾਦਾ ਕਤਲ, ਲੜਾਈ ਝਗੜੇ ਤੇ ਪੁਲਿਸ ਹਿਰਾਸਤ ਵਿਚੋਂ ਵਿਅਕਤੀ ਭਜਾਉਣ ਆਦਿ ਦੇ ਕੁਲ 5 ਮੁਕੱਦਮੇ ਦਰਜ ਹਨ, ਜਿਹਨਾਂ ਵਿੱਚ ਇਹ ਭਗੌੜਾ ਚੱਲਿਆ ਆ ਰਿਹਾ ਸੀ। ਪਟਿਆਲਾ ਪੁਲਿਸ ਨੂੰ ਵੀ ਥਾਣਾ ਸਿਟੀ ਰਾਜਪੁਰਾ ਦੇ ‘ਚ ਵੀ ਲੋੜੀਦਾ ਸੀ ਜਦੋਂਕਿ ਇਸਦਾ ਨੇੜਲਾ ਸਾਥੀ ਦਲਜੀਤ ਸਿੰਘ ਡੱਲੀ ਵੀ ਇਰਾਦਾ ਕਤਲ, ਲੁੱਟ ਖੋਹ, ਐਨ.ਡੀ.ਪੀ.ਐਸ. ਐਕਟ ਦੇ 11 ਮੁਕੱਦਮਿਆਂ ਵਿੱਚ ਲੋੜੀਂਦਾ ਹੈ। ਇਨ੍ਹਾਂ ਦੋਵਾਂ ਦੇ ਮਾਪੇ ਕੈਨੇਡਾ ਰਹਿੰਦੇ ਹਨ ਤੇ ਇਹ ਆਪਣੇ ਲਈ ਪੈਸਾ ਵੀ ਬਾਹਰੋਂ ਹੀ ਮੰਗਵਾਉਂਦੇ ਸਨ ਅਤੇ ਇਹ ਖ਼ੁਦ ਵੀ ਵਿਦੇਸ਼ ਜਾ ਕੇ ਆ ਚੁੱਕੇ ਹਨ।

Send this to a friend